ਨਵੀਂ ਦਿੱਲੀ : ਲੋਕ ਸਭਾ ਚੋਣਾਂ 2024 ਨੂੰ ਲੈ ਕੇ ਬਿਹਾਰ ’ਚ ਐੱਨ ਡੀ ਏ ਦੇ ਸਹਿਯੋਗੀ ਦਲ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਨੇ ਆਪਣੇ ਕੋਟੇ ਦੇ 5 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਪ੍ਰਧਾਨ ਚਿਰਾਗ ਪਾਸਵਾਨ ਜਮੂਈ ਤੋਂ ਨਹੀਂ ਬਲਕਿ ਹਾਜੀਪੁਰ ਸੀਟ ਤੋਂ ਚੋਣ ਲੜਨਗੇ। ਹਾਜੀਪੁਰ ਦੀ ਲੋਕ ਸਭਾ ਸੀਟ ਤੋਂ ਪਹਿਲਾ ਸਾਬਕਾ ਕੇਂਦਰੀ ਮੰਤਰੀ ਅਤੇ ਚਿਰਾਗ ਦੇ ਪਿਤਾ ਰਾਮਵਿਲਾਸ ਪਾਸਵਾਨ ਚੋਣ ਲੜਦੇ ਸਨ। ਹੁਣ ਹਾਜੀਪੁਰ ’ਚ ਰਾਮਵਿਲਾਸ ਪਾਸਵਾਨ ਦੀ ਵਿਰਾਸਤ ਚਿਰਾਗ ਪਾਸਵਾਨ ਹੀ ਸੰਭਾਲਣਗੇ। ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਵੱਲੋਂ ਜਾਰੀ ਲਿਸਟ ਮੁਤਾਬਕ ਜਮੂਈ ਤੋਂ ਅਰੁਣ ਭਾਰਤੀ, ਸਮਸਤੀਪੁਰ ਤੋਂ ਸਾਂਭਵੀ ਚੌਧਰੀ, ਹਾਜੀਪੁਰ ਤੋਂ ਚਿਰਾਗ ਪਾਸਵਾਨ, ਵੈਸ਼ਾਲੀ ਤੋਂ ਵੀਣਾ ਦੇਵੀ ਅਤੇ ਖਗੜਿਆ ਤੋਂ ਰਾਜੇਸ਼ ਵਰਮਾ ਨੂੰ ਟਿਕਟ ਦਿੱਤੀ ਗਈ ਹੈ। ਚਿਰਾਗ ਧੜੇ ਵੱਲੋਂ ਇਸ ਲਿਸਟ ’ਚ ਚਰਚਾ ਸਾਂਭਵੀ ਚੌਧਰੀ ਦੇ ਨਾਂਅ ਦੀ ਵੀ ਹੈ, ਕਿਉਂਕਿ ਸਾਂਭਵੀ ਚੌਧਰੀ ਮੁੱਖ ਮੰਤਰੀ ਨਿਤਿਸ਼ ਦੇ ਕਰੀਬੀ ਮੰਤਰੀ ਅਸ਼ੋਕ ਚੌਧਰੀ ਦੀ ਬੇਟੀ ਹੈ।