ਤੇਲ ਅਵੀਵ : ਗਾਜ਼ਾ ’ਚ ਇਜ਼ਰਾਇਲ ਅਤੇ ਹਮਾਸ ਵਿਚਾਲੇ ਯੁੱਧ ਨੂੰ 6 ਮਹੀਨੇ ਹੋਣ ਵਾਲੇ ਹਨ। ਹੁਣ ਤੱਕ ਬੰਧਕਾਂ ਦੀ ਰਿਹਾਈ ਅਤੇ ਗੋਲੀਬੰਦੀ ’ਤੇ ਕੋਈ ਫੈਸਲਾ ਨਹੀਂ ਹੋ ਸਕਿਆ। ਉਥੇ ਹੀ ਗਾਜ਼ਾ ’ਚ ਲਗਭਗ 32 ਹਜ਼ਾਰ ਲੋਕਾਂ ਦੀ ਜਾਨ ਚਲੀ ਗਈ ਹੈ। ਹੁਣ ਇਜ਼ਰਾਇਲ ਦੀ ਜਨਤਾ ਦਾ ਵੀ ਸਬਰ ਦਾ ਬੰਨ੍ਹ ਟੁੱਟਣ ਲੱਗਾ ਹੈ।
ਰਾਜਧਾਨੀ ਯੇਰੂਸ਼ਲਮ ਅਤੇ ਤੇਲ ਅਵੀਵ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖਿਲਾਫ਼ ਸੜਕ ’ਤੇ ਉਤਰ ਆਏ ਅਤੇ ਸਥਿਤੀ ਵਿਗਾੜਨ ਲਈ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। ਲੋਕ ਨੇਤਨਯਾਹੂ ਦੇ ਅਸਤੀਫ਼ੇ ਅਤੇ ਜਲਦ ਚੋਣਾਂ ਕਰਾਉਣ ਨੂੰ ਲੈ ਕੇ ਸੜਕਾਂ ’ਤੇ ਸਨ। ਹਾਲੇ ਵੀ 130 ਤੋਂ ਜ਼ਿਆਦਾ ਇਜ਼ਰਾਇਲੀ ਬੰਧਕ ਹਮਾਸ ਦੇ ਕਬਜ਼ੇ ’ਚ ਹਨ। ਪ੍ਰਦਰਸ਼ਨ ਕਰਨ ਵਾਲਿਆਂ ’ਚ ਇਨ੍ਹਾਂ ਬੰਧਕਾਂ ਦੇ ਰਿਸ਼ਤੇਦਾਰ ਵੀ ਸ਼ਾਮਲ ਸਨ। ਉਧਰ ਇਜ਼ਰਾਇਲ ਅਤੇ ਹਮਾਸ ਵਿਚਾਲੇ ਗੋਲੀਬੰਦੀ ਅਤੇ ਬੰਧਕਾਂ ਦੀ ਰਿਹਾਈ ਨੂੰ ਲੈ ਕੇ ਗੱਲਬਾਤ ਸ਼ੁਰੂ ਹੋਈ ਹੈ। ਮਿਸਰ ਦੀ ਰਾਜਧਾਨੀ ਕਾਹਿਰਾ ’ਚ ਦੋਵਾਂ ਵਿਚਾਲੇ ਗੱਲਬਾਤ ਹੋ ਰਹੀ ਹੈ। ਇਸ ’ਚ ਅਸਥਾਈ ਯੁੱਧ ਬੰਦੀ ਅਤੇ ਬੰਧਕਾਂ ਨੂੰ ਛੱਡਣ ਨੂੰ ਲੈ ਕੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਜ਼ਰਾਇਲ ਮੁਤਾਬਕ ਗਾਜ਼ਾ ’ਚ ਹਮਾਸ ਦੇ ਕਬਜ਼ੇ ’ਚ ਕੁੱਲ 134 ਲੋਕ ਹਨ, ਜਿਨ੍ਹਾਂ ’ਚ ਕੁਝ ਵਿਦੇਸ਼ੀ ਵੀ ਸ਼ਾਮਲ ਹਨ।