ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਗਿਆਨਵਾਪੀ ਮਸਜਿਦ ਦੇ ਦੱਖਣੀ ਤਹਿਖਾਨੇ ’ਚ ਹਿੰਦੂ ਪੱਖ ਨੂੰ ਪੂਜਾ ਕਰਨ ਦੀ ਆਗਿਆ ਦੇਣ ’ਤੇ ਪਾਬੰਦੀ ਲਗਾਉਣ ਤੋਂ ਸੋਮਵਾਰ ਇਨਕਾਰ ਕਰ ਦਿੱਤਾ ਅਤੇ ਮਸਜਿਦ ਪ੍ਰਬੰਧ ਕਮੇਟੀ ਦੀ ਪਟੀਸ਼ਨ ’ਤੇ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ। ਕੋਰਟ ਨੇ ਵਾਰਾਨਸੀ ਸਥਿਤ ਗਿਆਨਵਾਪੀ ਕੰਪਲੈਕਸ ’ਚ ਨਮਾਜ਼ ਅਦਾ ਕਰਨ ਬਾਰੇ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਦਿੱਤੇ ਹਨ। ਸੁਪਰੀਮ ਕੋਰਟ ਗਿਆਨਵਾਪੀ ਮਸਜਿਦ ਪ੍ਰਬੰਧ ਕਮੇਟੀ ਵੱਲੋਂ ਅਲਾਹਾਬਾਦ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦੇਣ ਵਾਲੀ ਤਾਜ਼ਾ ਪਟੀਸ਼ਨ ਦੀ ਸੁਣਵਾਈ ਕਰ ਰਹੀ ਹੈ, ਜਿਸ ਨੇ ਮਸਜਿਦ ਦੇ ਦੱਖਣੀ ਤਹਿਖਾਨੇ ’ਚ ਹਿੰਦੂ ਪੱਖ ਨੂੰ ਪੂਜਾ ਅਦਾ ਕਰਨ ਦੀ ਇਜਾਜ਼ਤ ਦੇਣ ਵਾਲੇ ਅਧੀਨ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ।