ਜਲੰਧਰ : ‘ਆਪ’ ਛੱਡ ਕੇ ਭਾਜਪਾ ਵਿਚ ਗਏ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼ੀਤਲ ਅੰਗੁਰਾਲ ਨੂੰ ਸੀ ਆਰ ਪੀ ਐੱਫ ਸੁਰੱਖਿਆ ਦੇ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਰਿੰਕੂ ਨੂੰ 18 ਸੁਰੱਖਿਆ ਕਰਮਚਾਰੀ ਅਤੇ ਅੰਗੁਰਾਲ ਨੂੰ 11 ਸੁਰੱਖਿਆ ਕਰਮਚਾਰੀ ਦਿੱਤੇ ਹਨ। ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਦੋਵੇਂ ਆਗੂਆਂ ਦੀ ਸੁਰੱਖਿਆ ਘਟਾ ਦਿੱਤੀ ਸੀ।
ਹਿੰਦੂ ਕੁੜੀ ਦੇ ਅਗਵਾ ਖਿਲਾਫ ਪਾਕਿਸਤਾਨ ’ਚ ਪ੍ਰਦਰਸ਼ਨ
ਡੇਰਾ ਮੁਰਾਦ ਜਮਾਲੀ (ਪਾਕਿਸਤਾਨ) : ਇੱਥੋਂ ਦੇ ਹਿੰਦੂਆਂ ਤੇ ਵਪਾਰੀਆਂ ਨੇ ਇਕ ਕੁੜੀ ਪਿ੍ਰਆ ਕੁਮਾਰੀ ਨੂੰ ਹਾਲ ਹੀ ’ਚ ਅਗਵਾ ਕਰਨ ਖਿਲਾਫ ਪ੍ਰਦਰਸ਼ਨ ਕਰਕੇ ਉਸ ਨੂੰ ਬਰਾਮਦ ਕਰਨ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਸਿੰਧ ਸਰਕਾਰ ਦੀ ਆਲੋਚਨਾ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕੁੜੀ ਦੀ ਭਾਲ ਨਾ ਕਰਨ ’ਤੇ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਧਾਰਮਿਕ ਘੱਟਗਿਣਤੀਆਂ ਲਈ ਸੁਰੱਖਿਆ ਸਥਿਤੀ ਬਦਤਰ ਹੋਣ ’ਤੇ ਚਿੰਤਾ ਜ਼ਾਹਰ ਕੀਤੀ। ਹਿੰਦੂ ਭਾਈਚਾਰੇ ਦੀਆਂ ਸ਼ਖਸੀਅਤਾਂ ਮਾਣਕ ਲਾਲ ਅਤੇ ਸੇਠ ਤਾਰਾ ਚੰਦ ਨੇ ਰੈਲੀ ’ਚ ਪ੍ਰਧਾਨ ਮੰਤਰੀ ਅਤੇ ਸਿੰਧ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੁੜੀ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਅਤੇ ਘੱਟਗਿਣਤੀ ਭਾਈਚਾਰੇ ਨੂੰ ਇਨਸਾਫ ਦਿਵਾਉਣ ਲਈ ਤੁਰੰਤ ਕਾਰਵਾਈ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਦੇਸ਼-ਵਿਆਪੀ ਪ੍ਰਦਰਸ਼ਨ ਕੀਤਾ ਜਾਵੇਗਾ।