ਨਵੀਂ ਦਿੱਲੀ : ਨੈਸ਼ਨਲ ਹੇਰਾਲਡ ਮਾਮਲੇ ਵਿਚ ਈ ਡੀ ਨੇ ਵੀਰਵਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ | 25 ਜੁਲਾਈ ਨੂੰ ਫਿਰ ਸੱਦਿਆ ਹੈ | ਸੋਨੀਆ ਨੂੰ ਲੱਗਭੱਗ ਉਹੀ ਸੁਆਲ ਕੀਤੇ ਗਏ, ਜਿਹੜੇ ਰਾਹੁਲ ਨੂੰ ਕੀਤੇ ਗਏ ਸਨ | ਈ ਡੀ ਨੇ 50 ਸੁਆਲਾਂ ਦੀ ਲਿਸਟ ਬਣਾਈ ਸੀ |
ਸੂਤਰਾਂ ਮੁਤਾਬਕ ਸੋਨੀਆ ਤੋਂ ਐਡੀਸ਼ਨਲ ਡਾਇਰੈਕਟਰ ਮੋਨਿਕਾ ਸ਼ਰਮਾ ਨੇ ਪੁੱਛਗਿਛ ਕੀਤੀ | ਸੋਨੀਆ ਨੂੰ ਕੀਤੇ ਗਏ ਸੁਆਲਾਂ ਵਿਚ ਕੁਝ ਇਹ ਸਨ : ਤੁਸੀਂ ਯੰਗ ਇੰਡੀਆ ਦੇ ਡਾਇਰੈਕਟਰ ਕਿਉਂ ਬਣੇ? ਯੰਗ ਇੰਡੀਆ ਕੰਪਨੀ ਦਾ ਕੀ ਕੰਮ ਸੀ? ਕਾਂਗਰਸ ਤੇ ਐਸੋਸੀਏਟਿਡ ਜਰਨਲ ਲਿਮਟਿਡ (ਏ ਜੇ ਐੱਲ) ਵਿਚਾਲੇ ਕਿਸ ਤਰ੍ਹਾਂ ਦਾ ਲੈਣ-ਦੇਣ ਹੋਇਆ? ਕੀ ਤੁਹਾਨੂੰ ਇਹ ਪਤਾ ਸੀ ਕਿ ਯੰਗ ਇੰਡੀਆ ਏ ਜੀ ਐੱਲ ਨੂੰ ਅਧਿਗ੍ਰਹਿਣ ਕਰੇਗੀ? ਏ ਜੇ ਐੱਲ ਕੋਲ ਕੁਲ ਕਿੰਨੀ ਸੰਪਤੀ ਦੇਸ਼-ਭਰ ਵਿਚ ਸੀ? ਏ ਜੇ ਐੱਲ ਦੀ ਸਾਰੀ ਸੰਪਤੀ ਨੂੰ ਕਿਵੇਂ ਵਰਤਿਆ ਜਾਂਦਾ ਸੀ?
ਇਹ ਜਾਂਚ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਵੱਲੋਂ 2012 ਵਿਚ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਹੋ ਰਹੀ ਹੈ | ਉਸ ਨੇ ਦੋਸ਼ ਲਾਇਆ ਸੀ ਕਿ ਹੇਰਾਲਡ ਹਾਊਸ ਦੀ ਦਿੱਲੀ ਦੇ ਬਹਾਦਰ ਸ਼ਾਹ ਜ਼ਫਰ ਮਾਰਗ ‘ਤੇ 2 ਹਜ਼ਾਰ ਕਰੋੜ ਦੀ ਇਮਾਰਤ ਨੂੰ ਕਬਜ਼ਾਉਣ ਲਈ ਸੋਨੀਆ ਗਾਂਧੀ, ਰਾਹੁਲ ਗਾਂਧੀ, ਮੋਤੀ ਲਾਲ ਵੋਰਾ, ਆਸਕਰ ਫਰਨਾਂਡੀਜ਼, ਸੈਮ ਪਿਤਰੋਦਾ ਤੇ ਸੁਮਨ ਦੂਬੇ ਨੇ ਯੰਗ ਇੰਡੀਆ ਲਿਮਟਿਡ ਬਣਾਈ ਅਤੇ ਨੈਸ਼ਨਲ ਹੇਰਾਲਡ ਦਾ ਪ੍ਰਕਾਸ਼ਨ ਕਰਨ ਵਾਲੀ ਏ ਜੇ ਐੱਲ ਦਾ 50 ਲੱਖ ਰੁਪਏ ਵਿਚ ਨਾਜਾਇਜ਼ ਤੌਰ ‘ਤੇ ਅਧਿਗ੍ਰਹਿਣ ਕਰ ਲਿਆ |
ਸੋਨੀਆ ਗਾਂਧੀ ਤੋਂ ਪੁੱਛ-ਪੜਤਾਲ ਖਿਲਾਫ ਕਾਂਗਰਸ ਨੇ ਦੇਸ਼ਵਿਆਪੀ ਸਤਿਆਗ੍ਰਹਿ ਕੀਤਾ | ਸੰਸਦ ਮੈਂਬਰਾਂ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਸਮੂਹਿਕ ਗਿ੍ਫਤਾਰੀਆਂ ਦਿੱਤੀਆਂ |
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਈ ਡੀ ਦੀ ਦੁਰਵਰਤੋਂ ਕਰ ਰਹੀ ਹੈ | ਭਾਜਪਾ ਦੀ ਲੀਡਰਸ਼ਿਪ ਹੁਣ ‘ਕਾਂਗਰਸ ਮੁਕਤ ਭਾਰਤ’ ਨਹੀਂ ਸਗੋਂ ‘ਵਿਰੋਧੀ-ਮੁਕਤ ਭਾਰਤ’ ਚਾਹੁੰਦੀ ਹੈ | ਇਸ ਸਭ ਦੇ ਬਾਵਜੂਦ ਪਾਰਟੀ ਦੇ ਵਰਕਰ ਤੇ ਨੇਤਾ ਝੁਕਣਗੇ ਨਹੀਂ | ‘ਸਤਿਆਗ੍ਰਹਿ’ ਨੂੰ ਭਾਜਪਾ ਨੇ ਕਾਨੂੰਨ ਅਤੇ ਸੰਸਥਾਵਾਂ ਦੇ ਖਿਲਾਫ ਕਰਾਰ ਦਿੱਤਾ ਹੈ | ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਵਿਰੋਧੀ ਪਾਰਟੀ ਪਰਵਾਰ ਦੀ ‘ਜੇਬੀ’ ਸੰਸਥਾ ਬਣ ਗਈ ਹੈ, ਇਸ ਦੇ ਨੇਤਾ ਵੀ ਪਰਵਾਰ ਦੀ ‘ਜੇਬ’ ਵਿਚ ਹਨ | ਸੋਨੀਆ ਗਾਂਧੀ ਤੋਂ ਪੁੱਛ-ਪੜਤਾਲ ਤੇ ਹਰ ਕਈ ਮਾਮਲਿਆਂ ‘ਤੇ ਵੀਰਵਾਰ ਵੀ ਸੰਸਦ ਵਿਚ ਹੰਗਾਮਾ ਹੋਇਆ | ਲੋਕ ਸਭਾ ਜਿਵੇਂ ਹੀ ਜੁੜੀ ਤਾਂ ਕਾਂਗਰਸ ਮੈਂਬਰਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਇਸ ‘ਤੇ ਸਦਨ ਚੁੱਕ ਦਿੱਤਾ ਗਿਆ | ਇਸ ਤੋਂ ਬਾਅਦ ਵੀ ਹਾਲਾਤ ਨਾ ਸੁਧਰੇ ਤਾਂ ਬਾਅਦ ਦੁਪਹਿਰ ਕਰੀਬ 2.20 ਵਜੇ ਲੋਕ ਸਭਾ ਦੀ ਬੈਠਕ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ | ਰਾਜ ਸਭਾ ਵਿਚ ਵੀ ਵਾਰ-ਵਾਰ ਕਾਰਵਾਈ ਰੁਕੀ ਤੇ ਆਖਰ 2.40 ਵਜੇ ਸਦਨ ਸਾਰੇ ਦਿਨ ਲਈ ਚੁੱਕ ਦਿੱਤਾ ਗਿਆ |