ਫ਼ਰੀਦਕੋਟ (ਗੁਰਪ੍ਰੀਤ ਸਿੰਘ ਬੇਦੀ)
ਫਰੀਦਕੋਟ ਵਿਚ ਐਤਵਾਰ ਪੁਲਸ ਅਤੇ ਦੋ ਗੈਂਗਸਟਰਾਂ ਵਿਚਕਾਰ ਮੁਕਾਬਲੇ ’ਚ ਦੋ ਗੈਂਗਸਟਰ ਜ਼ਖਮੀ ਹੋ ਗਏ। ਪੁਲਸ ਦਾ ਦਾਅਵਾ ਹੈ ਕਿ ਇਹ ਗੈਂਗਸਟਰ ਫਰੀਦਕੋਟ ਵਾਸੀ ਪੀ ਐੱਸ ਪੀ ਸੀ ਐੱਲ ਦੇ ਇਕ ਵੱਡੇ ਅਧਿਕਾਰੀ ਉਪਰ ਹਮਲਾ ਕਰਨ ਦੀ ਤਾਕ ਵਿਚ ਸਨ।
ਐੱਸ ਪੀ ਇਨਵੈਸਟੀਗੇਸ਼ਨ ਫਰੀਦਕੋਟ ਜਸਮੀਤ ਸਿੰਘ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਫਰੀਦਕੋਟ ਵਾਸੀ ਇਕ ਪੀ ਐੱਸ ਪੀ ਸੀ ਐੱਲ ਦੇ ਵੱਡੇ ਅਧਿਕਾਰੀ ਦੇ ਘਰ ’ਤੇ ਫਾਇਰਿੰਗ ਹੋਈ ਅਤੇ ਉਸ ਤੋਂ ਬਾਅਦ ਉਸ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸ ਸੰਬੰਧੀ ਪੁਲਸ ਵੱਲੋਂ ਇਕ ਮੁਕੱਦਮਾ ਅਣਪਛਾਤੇ ਲੋਕਾਂ ਖਿਲਾਫ ਦਰਜ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਸ਼ਨੀਵਾਰ ਇਕ ਨੌਜਵਾਨ ਨੂੰ ਗਿ੍ਰਫਤਾਰ ਕੀਤਾ ਗਿਆ, ਜਿਸ ਦੀ ਨਿਸ਼ਾਨਦੇਹੀ ’ਤੇ ਸਵੇਰੇ ਇਕ ਹੋਰ ਸ਼ਖਸ ਨੂੰ ਗਿ੍ਰਫਤਾਰ ਕੀਤਾ ਗਿਆ। ਉਸ ਨੇ ਪੁਛਗਿੱਛ ਵਿਚ ਮੰਨਿਆ ਸੀ ਕਿ ਉਸ ਦੇ ਦੋ ਸਾਥੀ ਅੱਜ ਪੀ ਐੱਸ ਪੀ ਸੀ ਐੱਲ ਦੇ ਅਧਿਕਾਰੀ ਉਪਰ ਹਮਲਾ ਕਰਨ ਲਈ ਫਰੀਦਕੋਟ ਆਏ ਹੋਏ ਹਨ। ਐੱਸ ਪੀ ਨੇ ਦੱਸਿਆ ਕਿ ਫੜੇ ਗਏ ਸ਼ਖਸ ਦੀ ਨਿਸ਼ਾਨਦੇਹੀ ’ਤੇ ਫਰੀਦਕੋਟ ਪੁਲਸ ਅਤੇ ਸੀ ਆਈ ਏ ਸਟਾਫ ਦੀ ਟੀਮ ਨੇ ਦੋਵਾਂ ਨੌਜਵਾਨਾਂ ਨੂੰ ਟਰੇਸ ਕਰ ਕੇ ਜਦ ਉਹਨਾਂ ਨੂੰ ਸਿਰੰਡਰ ਕਰਨ ਲਈ ਕਿਹਾ ਤਾਂ ਉਹਨਾਂ ਪੁਲਸ ਪਾਰਟੀ ਉਪਰ ਫਾਇਰਿੰਗ ਕਰ ਦਿੱਤੀ, ਜਿਸ ਦੇ ਚਲਦੇ ਜਵਾਬੀ ਫਾਇਰਿੰਗ ਵਿਚ ਉਕਤ ਦੋਵਾਂ ਨੌਜਵਾਨਾਂ ਦੇ ਲੱਤਾਂ ਵਿਚ ਗੋਲੀਆਂ ਲੱਗੀਆਂ ਤੇ ਪੁਲਸ ਨੇ ਇਹਨਾਂ ਨੂੰ ਗਿ੍ਰਫਤਾਰ ਕਰ ਲਿਆ। ਇਹਨਾਂ ’ਚੋਂ ਇਕ ਫਰੀਦਕੋਟ ਦਾ ਰਹਿਣ ਵਾਲਾ ਹੈ, ਜੋ ਅੱਜਕੱਲ੍ਹ ਜਲੰਧਰ ਵਿਚ ਰਹਿ ਰਿਹਾ ਸੀ ਅਤੇ ਦੂਜਾ ਉਸ ਦੀ ਮਾਸੀ ਦਾ ਲੜਕਾ ਹੈ, ਜੋ ਜਲੰਧਰ ਦਾ ਹੀ ਰਹਿਣ ਵਾਲਾ ਹੈ। ਹੁਣ ਤੱਕ ਦੀ ਜਾਂਚ ਵਿਚ ਪਤਾ ਚੱਲਿਆ ਕਿ ਜੋ ਕੁਝ ਦਿਨ ਪਹਿਲਾਂ ਜਲੰਧਰ ਵਿਚ ਇਕ ਗਾਇਕ ਦੇ ਘਰ ’ਤੇ ਫਾਇਰਿੰਗ ਹੋਈ ਸੀ, ਉਹ ਵੀ ਇਹਨਾਂ ਹੀ ਕੀਤੀ ਸੀ। ਉਹਨਾ ਦੱਸਿਆ ਕਿ ਇਹ ਲੋਕਾਂ ਨੂੰ ਡਰਾ-ਧਮਕਾ ਕੇ ਫਿਰੌਤੀ ਵਸੂਲਦੇ ਸਨ।
ਇਹਨਾਂ ਪਾਸੋਂ 3 ਪਿਸਟਲ ਅਤੇ ਇਕ ਮੋਟਰਸਾਇਕਲ ਵੀ ਬਰਾਮਦ ਕੀਤਾ ਗਿਆ ਹੈ।ਇਕ ਸਵਾਲ ਦੇ ਜਵਾਬ ਵਿਚ ਉਹਨਾ ਕਿਹਾ ਕਿ ਹਾਲੇ ਇਹਨਾਂ ਦਾ ਇਲਾਜ ਜ਼ਰੂਰੀ ਹੈ, ਇਲਾਜ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਹ ਕਿਹੜੇ ਗੈਂਗ ਨਾਲ ਸੰਬੰਧਤ ਹਨ।




