ਚੰਡੀਗੜ੍ਹ : ਹਿਮਾਚਲ ਦੇ ਮੰਡੀ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਅਤੇ ਅਦਾਕਾਰਾ ਕੰਗਣਾ ਰਣੌਤ ਨੇ ਸੋਮਵਾਰ ਸਪੱਸ਼ਟ ਕੀਤਾ ਕਿ ਉਸ ਨੇ ਕਦੇ ਗਾਂ ਦਾ ਮਾਸ (ਬੀਫ) ਨਹੀਂ ਖਾਧਾ। ਉਸ ਨੇ ਸੋਸ਼ਲ ਮੀਡੀਆ ਐਕਸ ’ਤੇ ਕਿਹਾ-ਮੈਂ ਬੀਫ ਜਾਂ ਕਿਸੇ ਹੋਰ ਕਿਸਮ ਦਾ ਲਾਲ ਮੀਟ ਨਹੀਂ ਖਾਂਦੀ, ਇਹ ਸ਼ਰਮਨਾਕ ਹੈ ਕਿ ਮੇਰੇ ਬਾਰੇ ਪੂਰੀ ਤਰ੍ਹਾਂ ਬੇਬੁਨਿਆਦ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਮੈਂ ਦਹਾਕਿਆਂ ਤੋਂ ਆਯੁਰਵੈਦਿਕ ਜੀਵਨ ਦੀ ਵਕਾਲਤ ਅਤੇ ਪ੍ਰਚਾਰ ਕਰ ਰਹੀ ਹਾਂ। ਹੁਣ ਅਜਿਹੀਆਂ ਅਫਵਾਹਾਂ ਮੇਰੇ ਅਕਸ ਨੂੰ ਖਰਾਬ ਕਰਨ ਲਈ ਆਈਆਂ ਹਨ। ਲੋਕ ਮੈਨੂੰ ਜਾਣਦੇ ਹਨ ਅਤੇ ਉਹ ਜਾਣਦੇ ਹਨ ਕਿ ਮੈਂ ਹਿੰਦੂ ਹਾਂ। ਉਸ ਨੇ ਜਿਵੇਂ ਹੀ ਅਫਵਾਹਾਂ ਨੂੰ ਰੱਦ ਕੀਤਾ, ਉਸ ਦਾ ਪੁਰਾਣਾ ਟਵੀਟ ਸਾਹਮਣੇ ਆ ਗਿਆ, ਜਿਸ ’ਚ ਉਹ ਕਹਿ ਰਹੀ ਹੈ ਕਿ ਬੀਫ ਖਾਣ ’ਚ ਕੁਝ ਵੀ ਗਲਤ ਨਹੀਂ ਹੈ।
ਹਿੰਦੂ ਵਿਆਹ ਲਈ ਕੰਨਿਆਦਾਨ ਜ਼ਰੂਰੀ ਨਹੀਂ!
ਲਖਨਊ : ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਹਾਲ ਹੀ ਵਿਚ ਕਿਹਾ ਹੈ ਕਿ ਹਿੰਦੂ ਮੈਰਿਜ ਐਕਟ ਤਹਿਤ ਹਿੰਦੂ ਵਿਆਹ ਲਈ ਕੰਨਿਆਦਾਨ ਜ਼ਰੂਰੀ ਨਹੀਂ ਹੈ। ਅਦਾਲਤ ਨੇ ਕਿਹਾ ਕਿ ਸਿਰਫ ਸੱਤ ਫੇਰੇ ਸਪਤਪਦੀ ਹੀ ਹਿੰਦੂ ਵਿਆਹ ਦੀ ਜ਼ਰੂਰੀ ਰਸਮ ਹੈ ਅਤੇ ਹਿੰਦੂ ਮੈਰਿਜ ਐਕਟ ’ਚ ਵਿਆਹ ਲਈ ਕੰਨਿਆਦਾਨ ਦੀ ਵਿਵਸਥਾ ਨਹੀਂ ਹੈ। ਜਸਟਿਸ ਸੁਭਾਸ਼ ਵਿਦਿਆਰਥੀ ਨੇ ਇਹ ਟਿੱਪਣੀ ਆਸ਼ੂਤੋਸ਼ ਯਾਦਵ ਵੱਲੋਂ ਦਾਇਰ ਨਜ਼ਰਸਾਨੀ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ। ਅਦਾਲਤ ਨੇ ਹਿੰਦੂ ਮੈਰਿਜ ਐਕਟ ਦੀ ਧਾਰਾ 7 ਦਾ ਵੀ ਹਵਾਲਾ ਦਿੱਤਾ। ਅਦਾਲਤ ਨੇ ਕਿਹਾ-ਹਿੰਦੂ ਮੈਰਿਜ ਐਕਟ ਦੀ ਧਾਰਾ 7 ਮੁਤਾਬਕ ਹਿੰਦੂ ਵਿਆਹ ਕਿਸੇ ਵੀ ਧਿਰ ਦੀਆਂ ਰੀਤੀ ਰਿਵਾਜਾਂ ਅਤੇ ਰਸਮਾਂ ਅਨੁਸਾਰ ਕੀਤਾ ਜਾ ਸਕਦਾ ਹੈ ਅਤੇ ਲਾੜਾ-ਲਾੜੀ ਵੱਲੋਂ ਪਵਿੱਤਰ ਅਗਨੀ ਦੇ 7 ਫੇਰੇ ਲੈਣੇ ਜ਼ਰੂਰੀ ਹਨ। ਸੱਤਵੇਂ ਫੇਰੇ ਦੇ ਪੂਰਾ ਹੋਣ ਨਾਲ ਵਿਆਹ ਸੰਪੂਰਨ ਹੋ ਜਾਂਦਾ ਹੈ।




