ਸਿਰਸਾ : ਕੁਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਹੈ ਕਿ ਐੱਮ ਐੱਸ ਪੀ ਗਾਰੰਟੀ ਕਾਨੂੰਨ ਬਣਾਉਣ ਲਈ ਮੋਦੀ ਸਰਕਾਰ ਦੀ ਨੀਅਤ ਸਾਫ ਨਹੀਂ ਹੈ | ਇਸੇ ਲਈ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਬਣਾਈ ਕਮੇਟੀ ਵਿਚ ਥਾਂ ਨਹੀਂ ਦਿੱਤੀ ਗਈ ਹੈ | ਮੋਰਚੇ ਵੱਲੋਂ ਐੱਮ ਐੱਸ ਪੀ ਦੇ ਗਾਰੰਟੀ ਕਾਨੂੰਨ ਤੇ ਹੋਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸੇ ਲੜੀ ਵਿਚ ਮੋਰਚੇ ਵੱਲੋਂ 31 ਜੁਲਾਈ ਨੂੰ ਚਾਰ ਘੰਟਿਆਂ ਲਈ ਭਾਰਤ ਬੰਦ ਕੀਤਾ ਜਾਵੇਗਾ | ਅਰਸ਼ੀ ਇੱਥੇ ਜਾਟ ਧਰਮਸ਼ਾਲਾ ਵਿਚ 31 ਜੁਲਾਈ ਦੇ ਭਾਰਤ ਬੰਦ ਦੀ ਤਿਆਰੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਕਨਵੈਨਸ਼ਨ ਵਿਚ ਮੁੱਖ ਬੁਲਾਰੇ ਵਜੋਂ ਸੰਬੋਧਨ ਕਰ ਰਹੇ ਸਨ | ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਜੁੜੇ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਕਿਸਾਨ ਆਗੂਆਂ ਨੇ ਦੱਸਿਆ ਕਿ 31 ਜੁਲਾਈ ਨੂੰ ਜਿੱਥੇ ਭਾਰਤ ਬੰਦ ਦੇ ਤਹਿਤ ਬਾਜ਼ਾਰ ਤੇ ਹੋਰ ਅਦਾਰੇ ਬੰਦ ਰਹਿਣਗੇ, ਉਥੇ ਹੀ ਨੈਸ਼ਨਲ ਹਾਈਵੇਅ ‘ਤੇ ਟੋਲ ਪਲਾਜ਼ਿਆਂ ਨੂੰ ਵੀ ਬੰਦ ਕੀਤਾ ਜਾਵੇਗਾ | ਇਸ ਮੌਕੇ ਕਿਸਾਨ ਸਭਾ ਦੇ ਆਗੂ ਡਾ. ਸੁਖਦੇਵ ਸਿੰਘ ਜੰਮੂ, ਲਛਮਣ ਸਿੰਘ ਸ਼ੇਖਾਵਤ, ਜਗਰੂਪ ਸਿੰਘ ਚੌਬੁਰਜਾ, ਰੇਸ਼ਮ ਸਿੰਘ, ਹਰਦੇਵ ਜੋਸ਼, ਭਜਨ ਲਾਲ ਬਾਜੇਕਾਂ, ਗੁਰਤੇਜ ਸਿੰਘ ਬਰਾੜ, ਗੁਰਾਂਦਿੱਤਾ ਬਾਜੇਕਾਂ, ਸੁਰਜੀਤ ਸਿੰਘ ਸਮੇਤ ਅਨੇਕ ਕਿਸਾਨ ਆਗੂ ਤੇ ਕਿਸਾਨ ਮੌਜੂਦ ਸਨ |




