ਗੁਰਦਾਸਪੁਰ : ਪਿੰਡ ਮਠੋਲਾ ਨੇੜੇ ਨਿਜੀ ਬੱਸ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਖੇਤ ਵਿਚ ਪਲਟ ਗਈ, ਜਿਸ ਕਾਰਨ ਬੱਸ ਵਿਚ ਸਵਾਰ ਸਕੂਲੀ ਬੱਚਿਆਂ ਵਿਚੋਂ ਇਕ ਦੀ ਮੌਤ ਹੋ ਗਈ | ਬੱਚਿਆਂ ਸਮੇਤ 25 ਦੇ ਕਰੀਬ ਲੋਕ ਜ਼ਖਮੀ ਹੋ ਗਏ | ਮਰਨ ਵਾਲਾ ਸਨਮਦੀਪ ਸਿੰਘ ਪਲਸ ਟੂ ਦਾ ਵਿਦਿਆਰਥੀ ਸੀ | ਉਸ ਦੇ ਪਿਤਾ ਵੀਰੂ ਸਿੰਘ ਨੇ ਦੱਸਿਆ ਕਿ ਨਿੱਜੀ ਬੱਸ ਕਾਦੀਆਂ ਤੋਂ ਚੱਲੀ ਸੀ ਅਤੇ ਰਸਤੇ ਵਿਚ ਬੱਸ ‘ਤੇ ਚੀਮਾ ਖੁਡੀ ਦੇ ਸਕੂਲ ਦੇ ਵਿਦਿਆਰਥੀ ਵੀ ਸਵਾਰ ਹੋ ਗਏ | ਇਹ ਬੱਸ ਜਦੋਂ ਪਿੰਡ ਮਠੋਲੇ ਨਜ਼ਦੀਕ ਪਹੁੰਚੀ ਤਾਂ ਸੜਕ ਛੋਟੀ ਹੋਣ ਕਾਰਨ ਮੋਟਰਸਾਈਕਲ ਸਵਾਰ ਨੂੰ ਰਸਤਾ ਦਿੰਦੇ ਸਮਾੇ ਸੰਤੁਲਨ ਵਿਗੜਨ ਨਾਲ ਬੱਸ ਖੇਤ ‘ਚ ਪਲਟ ਗਈ | ਮਿ੍ਤਕ ਦੇ ਪਿੰਡ ਦੇ ਵਸਨੀਕ ਕਿਸਾਨ ਆਗੂ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਤੌਰ ‘ਤੇ ਇਸ ਸੜਕ ਬਾਰੇ ਭੇਜਿਆ ਗਿਆ ਹੈ ਕਿ ਇਸ ਸੜਕ ਦੀ ਮੁਰੰਮਤ ਕਰਵਾਈ ਜਾਵੇ ਅਤੇ ਇਸ ਸੜਕ ਦੇ ਦੋਨਾੋ ਪਾਸੇ ਮਿੱਟੀ ਦੇ ਫੁੱਟਪਾਥ ਬਣਵਾਏ ਜਾਣ ਲੇਕਿਨ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ, ਜਿਸਦਾ ਖਮਿਆਜਾ ਸਨਮਦੀਪ ਸਿੰਘ ਜਿਹੇ ਹੋਣਹਾਰ ਵਿਦਿਆਰਥੀ ਨੂੰ ਆਪਣੀ ਜਾਨ ਗੁਆ ਕੇ ਚੁਕਾਉਣਾ ਪਿਆ |