ਨਵੀਂ ਦਿੱਲੀ : ਭਾਜਪਾ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਜਾਰੀ ਕੀਤੀ 9 ਉਮੀਦਵਾਰਾਂ ਦੀ ਨਵੀਂ ਲਿਸਟ ਵਿਚ ਚੰਡੀਗੜ੍ਹ ਤੋਂ ਦੋ ਵਾਰ ਦੀ ਸਾਂਸਦ ਕਿਰਨ ਖੇਰ ਦੀ ਥਾਂ ਸਥਾਨਕ ਆਗੂ ਸੰਜੇ ਟੰਡਨ ਨੂੰ ਟਿਕਟ ਦਿੱਤੀ ਹੈ। ਟੰਡਨ ਚੰਡੀਗੜ੍ਹ ਭਾਜਪਾ ਦੇ ਕਰੀਬ ਇਕ ਦਹਾਕਾ ਪ੍ਰਧਾਨ ਰਹੇ ਹਨ। ਪਾਰਟੀ ਯੂਨਿਟ ਨੇ ਟਿਕਟ ਲਈ ਸਾਬਕਾ ਸਾਂਸਦ ਸਤਿਆਪਾਲ ਜੈਨ, ਸੰਜੇ ਟੰਡਨ ਤੇ ਸਾਬਕਾ ਪ੍ਰਧਾਨ ਅਰੁਣ ਸੂਦ ਦੇ ਨਾਂਅ ਘੱਲੇ ਸਨ। ਪੱਛਮੀ ਬੰਗਾਲ ਦੇ ਆਸਨਸੋਲ ਤੋਂ ਤਿ੍ਰਣਮੂਲ ਕਾਂਗਰਸ ਦੇ ਉਮੀਦਵਾਰ ਸ਼ਤਰੂਘਨ ਸਿਨਹਾ ਵਿਰੁੱਧ ਸਾਬਕਾ ਕੇਂਦਰੀ ਮੰਤਰੀ ਐੱਸ ਐੱਸ ਆਹਲੂਵਾਲੀਆ ਨੂੰ ਉਤਾਰਿਆ ਹੈ। ਪਹਿਲਾਂ ਇੱਥੋਂ ਭੋਜਪੁਰੀ ਗਾਇਕ ਪਵਨ ਸਿੰਘ ਨੂੰ ਟਿਕਟ ਦਿੱਤੀ ਸੀ, ਪਰ ਉਸ ਨੇ ਰੌਲਾ ਪੈਣ ’ਤੇ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਸੀ। ਆਹਲੂਵਾਲੀਆ 2014 ਵਿਚ ਦਾਰਜੀਲਿੰਗ ਤੇ 2019 ਵਿਚ ਦੁਰਗਾਪੁਰ ਤੋਂ ਜਿੱਤੇ ਸਨ। ਭਾਜਪਾ ਹੁਣ ਤੱਕ 413 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਨਵੀਂ ਲਿਸਟ ਵਿਚ ਛੇ ਯੂ ਪੀ ਦੇ ਹਨ। ਯੂ ਪੀ ਦੇ ਮੰਤਰੀ ਜੈਵੀਰ ਸਿੰਘ ਠਾਕੁਰ ਨੂੰ ਮੈਨਪੁਰੀ ਤੋਂ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਖਿਲਾਫ ਖੜ੍ਹਾ ਕੀਤਾ ਹੈ। ਅਲਾਹਾਬਾਦ ਤੋਂ ਰੀਟਾ ਬਹੁਗੁਣਾ ਜੋਸ਼ੀ ਤੇ ਬਲੀਆ ਤੋਂ ਵਰਿੰਦਰ ਸਿੰਘ ‘ਮਸਤ’ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਹਨ। ਜੋਸ਼ੀ ਦੀ ਥਾਂ ਨੀਰਜ ਤਿ੍ਰਪਾਠੀ ਤੇ ‘ਮਸਤ’ ਦੀ ਥਾਂ ਨੀਰਜ ਸ਼ੇਖਰ ਨੂੰ ਟਿਕਟ ਦਿੱਤੀ ਗਈ ਹੈ। ਕੌਸ਼ਾਂਬੀ ਤੋਂ ਵਿਨੋਦ ਸੋਨਕਰ, ਫੂਲਪੁਰ ਤੋਂ ਪ੍ਰਵੀਨ ਪਟੇਲ, ਮਛਲੀ ਸ਼ਹਿਰ ਤੋਂ ਬੀ ਪੀ ਸਰੋਜ ਤੇ ਗਾਜ਼ੀਪੁਰ ਤੋਂ ਪਾਰਸਨਾਥ ਨੂੰ ਖੜ੍ਹਾ ਕੀਤਾ ਗਿਆ ਹੈ।