ਲੰਡਨ : ਪੱਛਮੀ ਲੰਡਨ ਦੇ ਸ਼ਹਿਰ ਹੰਸਲੋ ਵਿੱਚ ਰਹਿੰਦੇ ਪ੍ਰਸਿੱਧ ਪੱਤਰਕਾਰ �ਿਸ਼ਨ ਭਾਟੀਆ ਦਾ ਦੇਹਾਂਤ ਹੋ ਗਿਆ ਹੈ। ਉਹ 88 ਵਰ੍ਹਿਆਂ ਦੇ ਸਨ ਅਤੇ ਕਾਫ਼ੀ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਭਾਟੀਆ ਦਾ ਜਨਮ ਅਪ੍ਰੈਲ 1936 ਵਿੱਚ ਗੋਜਰਾ (ਪਾਕਿਸਤਾਨ) ਵਿੱਚ ਹੋਇਆ ਸੀ। ਗੋਜਰਾ ਤੋਂ ਬਾਅਦ ਉਹ ਜਲੰਧਰ ਆ ਵਸੇ ਸਨ। ਉਹ 1973 ਵਿੱਚ ਇੰਗਲੈਂਡ ਆ ਗਏ ਸਨ। ਭਾਰਤ ਵਿੱਚ ਉਹ ਬਤੌਰ ਪੱਤਰਕਾਰ ਪੰਜਾਬ ਕੇਸਰੀ, ਟਾਈਮਜ਼ ਆਫ਼ ਇੰਡੀਆ, ਦੀ ਟਿ੍ਰਬਿਊਨ ਚੰਡੀਗੜ੍ਹ ਜਿਹੇ ਨਾਮੀ ਅਖ਼ਬਾਰਾਂ ਅਤੇ ਹੋਰ ਰਸਾਲਿਆਂ ਨਾਲ ਜੁੜੇ ਰਹੇ ਸਨ। ਯੂ ਕੇ ਆ ਕੇ ਵੀ ਉਨ੍ਹਾ ਬਹੁਤ ਸਾਲ ਅਖ਼ਬਾਰਨਵੀਸੀ ਜਾਰੀ ਰੱਖੀ। ਸਾਲ 1960 ਤੋਂ 1967 ਤੱਕ ਉਨ੍ਹਾ ਕਸ਼ਮੀਰ ਵਿੱਚ ਪੱਤਰਕਾਰ ਦੇ ਤੌਰ ’ਤੇ ਕੰਮ ਕੀਤਾ। ਇੰਗਲੈਂਡ ਵਿੱਚ ਭਾਟੀਆ ਭਾਰਤੀ ਮਜ਼ਦੂਰ ਸਭਾ, ਵਿਸ਼ਵ ਹਿੰਦੂ ਮੰਦਰ ਸਾਊਥਾਲ ਅਤੇ ਹੋਰ ਕਈ ਸੰਸਥਾਵਾਂ ਵਿੱਚ ਸਰਗਰਮ ਰਹੇ। ਉਨ੍ਹਾ ਲਾਈਫ਼ ਇੰਸ਼ੋਰੈਂਸ ਦੇ ਐਸੋਸੀਏਟ ਦੇ ਤੌਰ ’ਤੇ ਅਤੇ ਮੈਨੇਜਮੈਂਟ ਵਿੱਚ ਵੀ ਕੰਮ ਕੀਤਾ। ਭਾਟੀਆ ਭਾਰਤੀ ਭਾਈਚਾਰੇ ਵਿੱਚ ਇੱਕ ਸਤਿਕਾਰਤ ਸ਼ਖ਼ਸੀਅਤ ਸਨ ਅਤੇ ਆਪਣੇ ਨਰਮ-ਨਿੱਘੇ ਸੁਭਾਅ ਕਰਕੇ ਜਾਣੇ ਜਾਂਦੇ ਸਨ। ਉਹ ਇੱਕ ਜ਼ਿੰਮੇਵਾਰ ਸ਼ਹਿਰੀ, ਪਿਤਾ ਅਤੇ ਪਤੀ ਸਨ। ਉਨ੍ਹਾ ਦੀ ਪਤਨੀ ਊਸ਼ਾ ਭਾਟੀਆ ਬਹੁਤ ਲੰਬੇ ਸਮੇਂ ਲਈ ਬੀਮਾਰ ਰਹੇ। ਭਾਟੀਆ ਨੇ ਊਸ਼ਾ ਦੀ ਸੰਭਾਲ ਵਿੱਚ ਕੋਈ ਕਸਰ ਨਾ ਛੱਡੀ। ਬਦਕਿਸਮਤੀ ਨਾਲ ਸਮਾਂ ਪਾ ਕੇ ਭਾਟੀਆ ਆਪ ਵੀ ਢਿੱਲੇ ਰਹਿਣ ਲੱਗ ਪਏ ਪਰ ਉਨ੍ਹਾ ਆਪਣੀਆਂ ਸਰੀਰਕ ਉਲਝਣਾਂ ਨਾਲ ਡੱਟ ਕੇ ਲੋਹਾ ਲਿਆ ਅਤੇ ਆਖ਼ਰੀ ਦਮ ਤੱਕ ਚੜ੍ਹਦੀਆਂ ਕਲਾਂ ਵਿੱਚ ਰਹੇ। ਜ਼ਿੰਦਗੀ ਵਿੱਚ ਕਠਿਨਾਈਆਂ ਝੱਲਣ ਵਾਲੇ ਬਹੁਤ ਸਾਰੇ ਮਿੱਤਰਾਂ ਅਤੇ ਜਾਣਕਾਰਾਂ ਲਈ ਉਹ ਪ੍ਰੇਰਨਾ ਦਾ ਸਰੋਤ ਬਣੇ।
ਭਾਟੀਆ ਆਪਣੇ ਪਿਛੇ 3 ਬੇਟੀਆਂ ਕੁਸਮ, ਨੀਲਮ ਅਤੇ ਪੂਨਮ ਅਤੇ 7 ਦੋਹਤੇ-ਦੋਹਤੀਆਂ ਅਤੇ 1 ਪੜਦੋਹਤਾ ਛੱਡ ਗਏ ਹਨ।
ਤਿੰਨਾਂ ਬੇਟੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਨੇ ਭਾਟੀਆ ਦੀ ਨਿੱਠ ਕੇ ਸੇਵਾ ਸੰਭਾਲ ਕੀਤੀ।
ਭਾਟੀਆ ਦੇ ਦੇਹਾਂਤ ’ਤੇ ਵਰਿੰਦਰ ਸ਼ਰਮਾ ਐੱਮ ਪੀ, ਕੌਂਸਲਰ ਕੇ ਸੀ ਮੋਹਨ, ਕੌਂਸਲਰ ਰਣਜੀਤ ਧੀਰ, ਓਮ ਡੋਗਰਾ, ਪੰਮੀ ਤੱਖਰ ਸਾਊਥਾਲ ਦੇ ਹਿੰਦੂ ਮੰਦਰਾਂ ਦੀਆਂ ਪ੍ਰਬੰਧਕਾਂ ਕਮੇਟੀਆਂ, ਭਾਰਤੀ ਮਜ਼ਦੂਰ ਸਭਾ ਸਾਊਥਾਲ ਨੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।