ਮਲੂਕਾ ਦੇ ਨੂੰਹ-ਪੁੱਤ ਭਾਜਪਾ ’ਚ

0
242

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਆਈ ਏ ਐੱਸ ਅਧਿਕਾਰੀ ਨੂੰਹ ਪਰਮਪਾਲ ਕੌਰ ਸਿੱਧੂ ਤੇ ਮਲੂਕਾ ਦਾ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਵੀਰਵਾਰ ਭਾਜਪਾ ’ਚ ਸ਼ਾਮਲ ਹੋ ਗਏ। ਪਰਮਪਾਲ ਕੌਰ ਸਿੱਧੂ ਦੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਿਰੁੱਧ ਚੋਣ ਲੜਨ ਦੀ ਸੰਭਾਵਨਾ ਹੈ। ਭਾਜਪਾ ’ਚ ਸ਼ਮੂਲੀਅਤ ਕਰਾਉਣ ਵੇਲੇ ਕੇਂਦਰੀ ਮੰਤਰੀ ਹਰਦੀਪ ਪੁਰੀ ਹਾਜ਼ਰ ਸਨ।
ਗੁਰਪ੍ਰੀਤ ਸਿੰਘ ਮਲੂਕਾ ਅਕਾਲੀ ਦਲ ਤੋਂ ਕਾਫੀ ਨਾਰਾਜ਼ ਸਨ ਕਿਉਂਕਿ ਅਕਾਲੀ ਦਲ ਨੇ ਉਨ੍ਹਾ ਨੂੰ 2022 ਦੀਆਂ ਅਸੰਬਲੀ ਚੋਣਾਂ ਦੌਰਾਨ ਰਾਮਪੁਰਾ ਫੂਲ ਤੋਂ ਟਿਕਟ ਨਹੀਂ ਦਿੱਤੀ ਸੀ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਅਕਾਲੀ ਦਲ ਤੋਂ ਕਾਫੀ ਨਾਰਾਜ਼ ਸਨ। ਪਹਿਲਾਂ ਉਨ੍ਹਾ ਨੂੰ ਅਕਾਲੀ ਦਲ ਵੱਲੋਂ ਹਲਕਾ ਮੌੜ ਦਾ ਇੰਚਾਰਜ ਲਾਇਆ ਗਿਆ ਸੀ। ਇਸ ਕਾਰਨ ਉਨ੍ਹਾ ਮੌੜ ’ਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ, ਪਰ ਚੋਣਾਂ ਸਮੇਂ ਉਨ੍ਹਾ ਨੂੰ ਰਾਮਪੁਰਾ ਤੋਂ ਹੀ ਟਿਕਟ ਦਿੱਤੀ ਗਈ ਸੀ ਜਦੋਂ ਕਿ ਉਹ ਆਪਣੇ ਲਈ ਮੌੜ ਤੋਂ ਅਤੇ ਆਪਣੇ ਪੁੱਤਰ ਗੁਰਪ੍ਰੀਤ ਮਲੂਕਾ ਲਈ ਰਾਮਪੁਰਾ ਫੂਲ ਤੋਂ ਟਿਕਟ ਮੰਗ ਰਹੇ ਸਨ, ਪਰ ਅਕਾਲੀ ਦਲ ਨੇ ਉਨ੍ਹਾ ਦੇ ਪੁੱਤਰ ਨੂੰ ਟਿਕਟ ਨਹੀਂ ਦਿੱਤੀ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਮਪਾਲ ਕੌਰ ਨੂੰ ਚਿਤਾਵਨੀ-ਭਰੀ ਸਲਾਹ ਦਿੰਦਿਆਂ ਕਿਹਾ ਹੈ-ਪਰਮਪਾਲ ਕੌਰ ਜੀ ਤੁਹਾਡਾ ਆਈ ਏ ਐੱਸ ਅਫਸਰ ਦੇ ਤੌਰ ’ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਹੈ… ਬੀਬੀ ਜੀ ਜਿੰਨੀ ਕਾਹਲੀ ਆਈ ਏ ਐੱਸ ਬਣਨ ਦੀ ਸੀ…ਛੱਡਣ ਵਾਸਤੇ ਕੋਈ ਤੌਰ ਤਰੀਕੇ ਨੇ… ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ… ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ’ਚ ਪੈ ਸਕਦੀ ਹੈ। ਉਧਰ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਪਰਮਪਾਲ ਕੌਰ ਦਾ ਅਸਤੀਫਾ ਬੁੱਧਵਾਰ ਮਨਜ਼ੂਰ ਹੋ ਗਿਆ ਸੀ।

LEAVE A REPLY

Please enter your comment!
Please enter your name here