ਜਲੰਧਰ (ਗਿਆਨ ਸੈਦਪੁਰੀ)
ਦੇਸ਼ ਵਿੱਚ ਲੋਕ ਸਭਾ ਚੋਣਾਂ ਉਸ ਵਕਤ ਹੋਣ ਜਾ ਰਹੀਆਂ ਹਨ, ਜਦੋਂ ਇੱਥੇ ਕਈ ਕਿਸਮ ਦੇ ਸੰਕਟ ਦਰਪੇਸ਼ ਸਨ। ਇਸ ਲਈ ਇਹਨਾਂ ਚੋਣਾਂ ਦਾ ਮਹੱਤਵ ਹੋਰ ਅਹਿਮ ਹੋ ਗਿਆ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ। ਉਹ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਦੇਸ਼ ਵਿੱਚ ਫਿਰਕਾਪ੍ਰਸਤੀ ਦਾ ਜ਼ਹਿਰ ਫੈਲਾਉਣ, ਇੱਕ ਵਿਸ਼ੇਸ ਫਿਰਕੇ ਨੂੰ ਬਦਨਾਮ ਕਰਨ ਅਤੇ ਇੱਥੋਂ ਦੀ ਦੌਲਤ ਅਡਾਨੀਆਂ, ਅੰਬਾਨੀਆਂ ਨੂੰ ਸੌਂਪਣ ਦੀਆਂ ਨੀਤੀਆਂ ਦਾ ਅਸਰ ਉਲਟ ਪੈਂਦਾ ਦੇਖ ਕੇ ਮੋਦੀ ਅਤੇ ਉਸ ਦੀ ਸਰਕਾਰ ਡਰੀ ਹੋਈ ਹੈ। ਇਸੇ ਡਰ ਵਿੱਚੋਂ ਲੋਕ ਸਭਾ ਦੀਆਂ 400 ਸੀਟਾਂ ਜਿੱਤ ਲੈਣ ਦੇ ਦਾਅਵਿਆਂ ਰਾਹੀਂ ਭਰਮ ਜਾਲ ਵਿਛਾ ਕੇ ਆਪਣੇ ਆਪ ਨੂੰ ਆਪੇ ਥਾਪੀ ਦੇਣ ਦਾ ਕੁਚੱਜ ਕੀਤਾ ਜਾ ਰਿਹਾ ਹੈ। ਉਕਤ ਡਰ ਵਿੱਚ ਵਿਰੋਧੀਆਂ ਨੂੰ ਧੱਕੇ ਨਾਲ ਕਮਜ਼ੋਰ ਕਰਨ ਲਈ ਹਰ ਹੱਥਕੰਡਾ ਵਰਤਿਆ ਜਾ ਰਿਹਾ ਹੈ। ਕੇਂਦਰੀ ਏਜੰਸੀਆਂ, ਜਿਵੇ ਈ ਡੀ, ਇਨਕਮ ਟੈਕਸ ਵਿਭਾਗ ਅਤੇ ਸੀ ਬੀ ਆਈ ਨੂੰ ਸਰਕਾਰ ਅਤੇ ਭਾਜਪਾ ਦੇ ਹਿੱਤਾਂ ਲਈ ਢੀਠਤਾਈ ਦੀ ਹੱਦ ਤੱਕ ਵਰਤਿਆ ਜਾ ਰਿਹਾ ਹੈ। ਚੋਣ ਬਾਂਡ ਦਾ ਘਪਲਾ ਦੇਸ਼ ਦਾ ਸਭ ਤੋਂ ਵੱਡਾ ਘਪਲਾ ਸਾਬਤ ਹੋ ਰਿਹਾ ਹੈ। ਅਜਿਹੇ ਹਾਲਾਤ ਵਿੱਚ ਚੋਣਾਂ ਦਾ ਪਾਰਦਰਸ਼ੀ ਢੰਗ ਨਾਲ ਹੋਣਾ ਸਵਾਲਾਂ ਦੇ ਘੇਰੇ ਵਿੱਚ ਹੈ। ਇਸ ਮਾਮਲੇ ਵਿੱਚ ਤਾਂ ਯੂ ਐੱਨ ਓ ਤੱਕ ਰੌਲਾ ਪੈ ਚੁੱਕਾ ਹੈ। ਅਜਿਹੇ ਦੌਰ ਵਿੱਚ ਭਾਜਪਾ ਨੂੰ ਟੱਕਰ ਦੇਣ ਲਈ ਇੰਡੀਆ ਗਠਜੋੜ ਹੋਦ ਵਿੱਚ ਆਇਆ ਹੈ। ਇਸ ਗੱਠਜੋੜ ਲਈ ਕਾਂਗਰਸ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਨੇ ਸੰਜੀਦਾ ਉਪਰਾਲੇ ਕੀਤੇ ਹਨ। ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਕੇ ਨੂੰ ਈਮਾਨਦਾਰ ਵਿਆਕਤੀ ਦੱਸਦਿਆ ਕਮਿਊਨਿਸਟ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਨਹਿਰੂ ਗਾਂਧੀ ਵੇਲੇ ਵਰਗੀ ਨਹੀਂ ਰਹੀ, ਇਸ ਕਰਕੇ ਕਈ ਮੌਕਿਆਂ ’ਤੇ ਇਸ ਪਾਰਟੀ ਦਾ ਕਿਰਦਾਰ ਗੈਰ-ਸੰਜੀਦਾ ਨਜ਼ਰ ਆਉਂਦਾ ਹੈ। ਸਾਥੀ ਬਰਾੜ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਵੀ ਕਾਫੀ ਹੱਦ ਤੱਕ ਲੋਕ ਪੱਖੀ ਹੈ। ਉਂਜ ਇਹ ਗੱਲ ਵੀ ਆਪਣੀ ਥਾਂ ਸੱਚ ਹੈ ਕਿ ਸੱਤਾ ਦੀ ਪ੍ਰਾਪਤੀ ਦੇ ਯਤਨਾਂ ਮੌਕੇ ਬੁਰਜੂਆ ਸਿਆਸੀ ਪਾਰਟੀਆਂ ਕੋਲੋਂ ਜੋ ਮਰਜ਼ੀ ਅਖਵਾ ਲਵੋ।
ਦੇਸ਼ ਵਿੱਚ ਲੈੱਫਟ ਦੀ ਤਾਕਤ ਦੀ ਗੱਲ ਕਰਦਿਆਂ ਕਮਿਊਨਿਸਟ ਆਗੂ ਨੇ ਕਿਹਾ ਕਿ ਬਿਨਾਂ ਸ਼ੱਕ ਖੱਬੀ ਧਿਰ ਸੰਕਟ ਵਿੱਚ ਹੈ, ਪਰ ਇਨ੍ਹਾਂ ਦਾ ਵਿਰਸਾ ਲੋਕ ਹਿੱਤਾਂ ਲਈ ਸੰਘਰਸ਼ਾਂ ਵਾਲਾ ਹੈ। ਇਸ ਲਈ ਲੋਕ ਸਭਾਈ ਚੋਣਾਂ ਵਿੱਚ ਡਟ ਕੇ ਲੜਾਈ ਦਿਆਂਗੇ। ਪੰਜਾਬ ਦੀ ਸਿਆਸਤ ਦੀ ਗੱਲ ਕਰਦਿਆਂ ਉਹਨਾ ਕਿਹਾ ਕਿ ਭਾਜਪਾ ਦੇ ਫਿਰਕੂ ਏਜੰਡੇ ਨੂੰ ਮਾਤ ਦੇਣ ਲਈ ਇਹ ਬਣਦਾ ਸੀ ਕਿ ਪੰਜਾਬ ਵਿੱਚ ਮਜ਼ਬੂਤ ਆਪੋਜ਼ੀਸ਼ਨ ਉਸਾਰੀ ਜਾਂਦੀ, ਜੋ ਭਾਜਪਾ ਦੇ ਨਾਲ-ਨਾਲ ਆਪ ਨੂੰ ਵੀ ਸਿਆਸੀ ਸਬਕ ਸਿਖਾਉਂਦੀ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਜਿਹਾ ਨਹੀਂ ਹੋ ਸਕਿਆ। ਇਸ ਕੰਮ ਲਈ ਨਾ ਤਾ ਕਾਂਗਰਸ ਪਾਰਟੀ ਨੇ ਹਾਂ-ਪੱਖੀ ਭੂਮਿਕਾ ਨਿਭਾਈ ਤੇ ਨਾ ਹੀ ਅਕਾਲੀ ਦਲ ਨੇ। ਅਕਾਲੀ ਦਲ ਬਾਦਲ ਨੂੰ ਚਾਹੀਦਾ ਸੀ ਕਿ ਉਹ ਫਿਰਕੂ ਭਾਜਪਾ ਦਾ ਡਟ ਕੇ ਵਿਰੋਧ ਕਰਦਾ, ਪਰ ਉਸ ਦੀ ਚੁੱਪ ਇਸ਼ਾਰਾ ਕਰਦੀ ਹੈ ਕਿ ਅੰਦਰਖਾਤੇ ਅਕਾਲੀ ਦਲ ਵਾਲੇ ਭਾਜਪਾ ਦੇ ਹੱਕ ਵਿੱਚ ਭੁਗਤ ਸਕਦੇ ਹਨ। ਪੰਜਾਬ ਵਿੱਚ ਸਿਆਸੀ ਆਗੂਆਂ ਦੇ ਇੱਧਰੋਂ ਉਧਰ ਤੇ ਉਧਰੋਂ ਇੱਧਰ ਆਉਣ-ਜਾਣ ਦੇ ਢੀਠਤਾਈ ਭਰੇ ਵਰਤਾਰੇ ਦੇ ਹਵਾਲੇ ਨਾਲ ਉਹਨਾ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਅਨਾਰਕੀ ਵਾਲਾ ਮਾਹੌਲ ਨਜ਼ਰ ਆ ਰਿਹਾ ਹੈ। ਸਿਆਸਤ ਹੁਣ ਵਪਾਰ ਬਣ ਚੁੱਕੀ ਹੈ। ਮੀਟਿੰਗ ਨੂੰ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿੱਚ ਹਰਜਿੰਦਰ ਮੌਜੀ, ਤਰਸੇਮ ਜੰਡਿਆਲਾ, ਸੰਤੋਸ਼ ਬਰਾੜ, ਗਿਆਨ ਸਿੰਘ, ਵੀਰ ਕੁਮਾਰ, ਮਹਿੰਦਰ ਸਿੰਘ ਘੋੜੇਵਾਹੀ ਤੇ ਸਿਕੰਦਰ ਸੰਧੂ ਆਦਿ ਹਾਜ਼ਰ ਸਨ।





