ਕਰਾਚੀ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਅਣਪਛਾਤੇ ਦਹਿਸ਼ਤਗਰਦਾਂ ਨੇ 9 ਬੱਸ ਯਾਤਰੀਆਂ ਸਮੇਤ 11 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਨੋਸਕੀ ਜ਼ਿਲ੍ਹੇ ’ਚ ਹਾਈਵੇਅ ’ਤੇ ਬੱਸ ਨੂੰ ਰੋਕ ਕੇ ਪਛਾਣ ਕਰਕੇ 9 ਯਾਤਰੀਆਂ ਨੂੰ ਅਗਵਾ ਕਰ ਲਿਆ। ਬਾਅਦ ਵਿਚ ਇਨ੍ਹਾਂ ਦੀਆਂ ਪਹਾੜੀ ਖੇਤਰ ’ਚ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਮਿਲੀਆਂ। ਬੱਸ ਕੋਇਟਾ ਤੋਂ ਤਫਤਾਨ ਜਾ ਰਹੀ ਸੀ। ਦਹਿਸ਼ਤਗਰਦਾਂ ਨੇ ਇਸੇ ਹਾਈਵੇਅ ’ਤੇ ਕਾਰ ’ਤੇ ਗੋਲੀਬਾਰੀ ਕਰਕੇ 2 ਲੋਕਾਂ ਨੂੰ ਮਾਰ ਦਿੱਤਾ ਤੇ 2 ਨੂੰ ਜ਼ਖਮੀ ਕਰ ਦਿੱਤਾ।
ਸੁਰੰਗ ਧਮਾਕੇ ’ਚ 3 ਬੱਚਿਆਂ ਦੀ ਮੌਤ
ਪੇਸ਼ਾਵਰ : ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ’ਚ ਬਾਰੂਦੀ ਸੁਰੰਗ ਧਮਾਕੇ ਕਾਰਨ 3 ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਘਟਨਾ ਕਬਾਇਲੀ ਦੱਖਣੀ ਵਜ਼ੀਰਿਸਤਾਨ ਜ਼ਿਲੇ੍ਹ ਦੇ ਵਾਨਾ ਕਸਬੇ ’ਚ ਵਾਪਰੀ ਜਦੋਂ ਬੱਚੇ ਮੰਡੋਕਾਈ ਇਲਾਕੇ ’ਚ ਵਾਲੀਬਾਲ ਮੈਚ ਦੇਖਣ ਜਾ ਰਹੇ ਸਨ।
ਕਸ਼ਮੀਰ ’ਚ ਦੋ ਸੈਲਾਨੀਆਂ ਦੀ ਮੌਤ
ਸ੍ਰੀਨਗਰ : ਕਸ਼ਮੀਰ ’ਚ ਸ਼ਨੀਵਾਰ ਦੋ ਸੈਲਾਨੀਆਂ ਦੀ ਮੌਤ ਹੋ ਗਈ। ਅਮਰੀਕੀ ਸੈਲਾਨੀ ਲਾਨਾ ਮੈਰੀ ਸੋਨਮਰਗ ਪਹਾੜੀ ਸਟੇਸ਼ਨ ਦੇ ਹੋਟਲ ’ਚ ਬਿਮਾਰ ਹੋ ਗਈ। ਉਸ ਨੂੰ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਰ ਚੁੱਕੀ ਦੱਸਿਆ। 63 ਸਾਲਾ ਗੁਜਰਾਤੀ ਸੈਲਾਨੀ ਵਾਂਗੀਕਰ ਅਨਘਾ ਪਹਿਲਗਾਮ ਟੂਰਿਸਟ ਰਿਜ਼ਾਰਟ ’ਚ ਹੋਟਲ ਦੇ ਅੰਦਰ ਬੇਹੋਸ਼ ਹੋ ਕੇ ਡਿੱਗ ਪਿਆ। ਹਸਪਤਾਲ ਲਿਜਾਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਇਕ ਕਰੋੜ ਨੌਕਰੀਆਂ ਦਾ ਵਾਅਦਾ
ਪਟਨਾ : ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਸ਼ਨੀਵਾਰ ਲੋਕ ਸਭਾ ਚੋਣਾਂ ਲਈ ਆਪਣੀ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਕਿਹਾ ਕਿ ਜੇ ਵਿਰੋਧੀ ਗਠਜੋੜ ‘ਇੰਡੀਆ’ ਸਰਕਾਰ ਬਣਾਉਂਦਾ ਹੈ ਤਾਂ ਦੇਸ਼-ਭਰ ’ਚ ਇਕ ਕਰੋੜ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਗੋਪੀ ਪੁਲਾੜ ’ਚ ਜਾਵੇਗਾ
ਵਾਸ਼ਿੰਗਟਨ : ਭਾਰਤੀ ਮੂਲ ਦਾ ਕਾਰੋਬਾਰੀ ਤੇ ਪਾਇਲਟ ਗੋਪੀ ਥੋਟਾਕੁਰਾ ਐਮਾਜ਼ੋਨ ਦੇ ਬਾਨੀ ਜੈੱਫ ਬੇਜੋਸ ਦੇ ਬਲੂ ਓਰੀਜਿਨ ਦੇ ਐੱਨ ਐੱਸ-25 ਮਿਸ਼ਨ ’ਚ ਸੈਲਾਨੀ ਵਜੋਂ ਪੁਲਾੜ ’ਚ ਜਾਏਗਾ। ਥੋਟਾਕੁਰਾ ਮਿਸ਼ਨ ਲਈ ਚੁਣੇ ਛੇ ਮੈਂਬਰਾਂ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ 1984 ’ਚ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਪੁਲਾੜ ’ਚ ਗਏ ਸਨ, ਜਦ ਕਿ ਗੋਪੀ ਸੈਰਸਪਾਟੇ ਲਈ ਜਾਣ ਵਾਲਾ ਪਹਿਲਾ ਭਾਰਤੀ ਹੈ। ਉਡਾਣ ਦੀ ਮਿਤੀ ਦਾ ਐਲਾਨ ਹਾਲੇ ਨਹੀਂ ਹੋਇਆ।




