ਅਮਰੀਕਾ ਨੇ ਇਜ਼ਰਾਈਲ ਦੀ ਮਦਦ ਲਈ ਜੰਗੀ ਬੇੜਾ ਘੱਲਿਆ

0
166

ਯੂਰੋਸ਼ਲਮ : ਇਜ਼ਰਾਈਲ ਨੂੰ ਈਰਾਨੀ ਹਮਲੇ ਤੋਂ ਬਚਾਉਣ ਲਈ ਅਮਰੀਕਾ ਦਾ ਜੰਗੀ ਬੇੜਾ ਯੂ ਐੱਸ ਐੱਸ ਡਵਾਈਟ ਆਈਜ਼ਨਹਾਵਰ ਲਾਲ ਸਾਗਰ ਦੇ ਰਸਤੇ ਇਜ਼ਰਾਈਲ ਪੁੱਜ ਰਿਹਾ ਹੈ। ਇਹ ਈਰਾਨ ਦੀਆਂ ਮਿਜ਼ਾਈਲਾਂ ਤੇ ਡਰੋਨਾਂ ਨੂੰ ਰੋਕੇਗਾ। ਇਜ਼ਰਾਈਲ ਵੱਲੋਂ ਪਹਿਲੀ ਅਪ੍ਰੈਲ ਨੂੰ ਸੀਰੀਆ ਵਿਚ ਈਰਾਨੀ ਦੂਤਘਰ ’ਤੇ ਹਵਾਈ ਹਮਲਾ ਕਰਕੇ ਈਰਾਨ ਦੇ ਦੋ ਵੱਡੇ ਕਮਾਂਡਰਾਂ ਸਣੇ 13 ਲੋਕਾਂ ਨੂੰ ਮਾਰਨ ਤੋਂ ਬਾਅਦ ਈਰਾਨ ਕਾਫੀ ਗੁੱਸੇ ਵਿਚ ਹੈ। ਇਸੇ ਦੌਰਾਨ ਖਬਰ ਹੈ ਕਿ ਸ਼ਨੀਵਾਰ ਈਰਾਨੀ ਨੇਵੀ ਨੇ ਸੰਯੁਕਤ ਅਰਬ ਅਮੀਰਾਤ ਕੋਲ ਸਟ੍ਰੇਟ ਆਫ ਹਾਰਮੂਜ਼ ਵਿਚ ਇਜ਼ਰਾਈਲ ਨਾਲ ਜੁੜੇ ਜਹਾਜ਼ ’ਤੇ ਕਬਜ਼ਾ ਕਰ ਲਿਆ। ਈਰਾਨੀ ਕਮਾਂਡੋਜ਼ ਹੈਲੀਕਾਪਟਰ ਨਾਲ ਜਹਾਜ਼ ’ਤੇ ਉਤਰੇ। ‘ਟਾਈਮਜ਼ ਆਫ ਇਜ਼ਰਾਈਲ’ ਅਖਬਾਰ ਮੁਤਾਬਕ ਜਹਾਜ਼ ’ਤੇ ਪੁਰਤਗਾਲ ਦਾ ਝੰਡਾ ਲੱਗਾ ਸੀ ਤੇ ਉਹ ਲੰਡਨ ਅਧਾਰਤ ਜ਼ੋਡੀਏਕ ਮੈਰੀਟਾਈਮ ਕੰਪਨੀ ਦਾ ਹੈ। ਇਸ ਕੰਪਨੀ ਵਿਚ ਇਜ਼ਰਾਈਲੀ ਅਰਬਪਤੀ ਈਆਲ ਓਫੇਰ ਦੀ ਵੀ ਹਿੱਸੇਦਾਰੀ ਹੈ। ਅਲਜਜ਼ੀਰਾ ਦੀ ਰਿਪੋਰਟ ਹੈ ਕਿ ਜਹਾਜ਼ ਮੁੰਬਈ ਜਾ ਰਿਹਾ ਸੀ। ਇਸ ’ਤੇ ਅਮਲੇ ਦੇ 20 ਮੈਂਬਰ ਹਨ ਤੇ ਸਾਰੇ ਫਿਲਪਾਈਨੀ ਹਨ। ਹਾਰਮੂਜ਼ ਪਾਸ ਉਹੀ ਥਾਂ ਹੈ, ਜਿੱਥੇ ਅਮਰੀਕਾ 2019 ਤੋਂ ਈਰਾਨ ’ਤੇ ਜਹਾਜ਼ਾਂ ’ਤੇ ਕਬਜ਼ੇ ਕਰਨ ਦਾ ਦੋਸ਼ ਲਾਉਂਦਾ ਆ ਰਿਹਾ ਹੈ। ਇਸੇ ਦੌਰਾਨ ਏਅਰ ਇੰਡੀਆ ਨੇ ਈਰਾਨ ਦੇ ਆਕਾਸ਼ ਤੋਂ ਜਹਾਜ਼ ਲੰਘਾਉਣੇ ਬੰਦ ਕਰ ਦਿੱਤੇ ਹਨ। ਈਰਾਨ ਵਿਚ 4 ਹਜ਼ਾਰ ਭਾਰਤੀ ਰਹਿੰਦੇ ਹਨ ਜਦਕਿ ਇਜ਼ਰਾਈਲ ਵਿਚ ਸਾਢੇ 18 ਹਜ਼ਾਰ। ਹਾਲ ਹੀ ਵਿਚ 6 ਹਜ਼ਾਰ ਵਰਕਰਾਂ ਨੂੰ ਇਜ਼ਰਾਈਲ ਵਿਚ ਕੰਮ ਕਰਨ ਲਈ ਭੇਜਿਆ ਗਿਆ ਸੀ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਈਰਾਨ ਇਜ਼ਰਾਈਲ ਤੇ ਮੱਧ-ਪੂੂਰਬ ਦੀਆਂ ਕਈ ਥਾਂਵਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਜੋਏ ਬਾਈਡੇਨ ਨੇ ਹਮਲੇ ਵਿਰੁੱਧ ਈਰਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਇਜ਼ਰਾਈਲ ਦੀ ਮਦਦ ਕਰੇਗਾ।

LEAVE A REPLY

Please enter your comment!
Please enter your name here