ਈਰਾਨ ਵੱਲੋਂ ਮਿਜ਼ਾਈਲਾਂ ਦਾਗ ਕੇ ਇਜ਼ਰਾਈਲ ਤੇ ਅਮਰੀਕਾ ਨੂੰ ਗੰਭੀਰ ਸਿੱਟਿਆਂ ਦੀ ਚਿਤਾਵਨੀ

0
118

ਯੇਰੂਸ਼ਲਮ : ਈਰਾਨ ਨੇ ਐਤਵਾਰ ਤੜਕੇ ਇਜ਼ਰਾਈਲ ਉੱਤੇ ਸੈਂਕੜੇ ਡਰੋਨ, ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਦਾਗ ਦਿੱਤੀਆਂ। ਇਜ਼ਰਾਈਲੀ ਫੌਜ ਦੇ ਇੱਕ ਤਰਜਮਾਨ ਨੇ ਦੱਸਿਆ ਕਿ 300 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਗਈਆਂ, ਜਿਨ੍ਹਾਂ ਵਿੱਚੋਂ 99 ਫੀਸਦੀ ਹਵਾ ’ਚ ਹੀ ਨਸ਼ਟ ਕਰ ਦਿੱਤੀਆਂ ਗਈਆਂ। ਈਰਾਨ ਦੇ ਇਸ ਹਮਲੇ ਨੇ ਪੱਛਮੀ ਏਸ਼ੀਆ ਨੂੰ ਖੇਤਰੀ ਜੰਗ ਦੇ ਮੁਹਾਣੇ ’ਤੇ ਧੱਕ ਦਿੱਤਾ ਹੈ। ਸੀਰੀਆ ’ਚ ਪਹਿਲੀ ਅਪਰੈਲ ਨੂੰ ਹਵਾਈ ਹਮਲੇ ’ਚ ਈਰਾਨੀ ਸਫਾਰਤਖਾਨੇ ’ਚ ਦੋ ਈਰਾਨੀ ਜਨਰਲਾਂ ਦੇ ਮਾਰੇ ਜਾਣ ਮਗਰੋਂ ਈਰਾਨ ਨੇ ਬਦਲਾ ਲੈਣ ਦੀ ਸਹੁੰ ਖਾਧੀ ਸੀ। ਈਰਾਨ ਨੇ ਇਸ ਹਮਲੇ ਪਿੱਛੇ ਇਜ਼ਰਾਈਲ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ।
ਈਰਾਨੀ ਫੌਜਾਂ ਦੇ ਮੁਖੀ ਮੇਜਰ ਜਨਰਲ ਮੁਹੰਮਦ ਬਘੇਰੀ ਨੇ ਕਿਹਾ ਕਿ ਈਰਾਨ ਨੇ ਚਿਤਾਵਨੀ ਵਜੋਂ ਏਨਾ ਕੁ ਹਮਲਾ ਹੀ ਕਰਨਾ ਸੀ ਤੇ ਜੇ ਇਜ਼ਰਾਈਲ ਨੇ ਅਮਰੀਕਾ ਦੀ ਮਦਦ ਨਾਲ ਜਵਾਬੀ ਕਾਰਵਾਈ ਕੀਤੀ ਤਾਂ ਅਮਰੀਕੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਅਮਰੀਕਾ, ਫਰਾਂਸ ਤੇ ਬਰਤਾਨੀਆ ਆਦਿ ਦੇਸ਼ਾਂ ਨੇ ਈਰਾਨ ਦੇ ਇਜ਼ਰਾਈਲ ’ਤੇ ਹਮਲੇ ਦੀ ਨਿਖੇਧੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਈਲ ਪ੍ਰਤੀ ਅਮਰੀਕਾ ਦੀ ਮਜ਼ਬੂਤ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਥਿਤੀ ’ਤੇ ਚਰਚਾ ਕਰਨ ਅਤੇ ਅਗਲੀ ਕਾਰਵਾਈ ਕਰਨ ਲਈ ਜੀ-7 ਦੇਸ਼ਾਂ ਦੇ ਆਗੂਆਂ ਦੀ ਮੀਟਿੰਗ ਬੁਲਾਈ ਹੈ। ਬਾਇਡਨ ਨੇ ਕਿਹਾਅਸੀਂ ਇਜ਼ਰਾਈਲ ਨੂੰ ਲਗਭਗ ਸਾਰੇ ਡਰੋਨਾਂ ਅਤੇ ਮਿਜ਼ਾਈਲਾਂ ਨੂੰ ਡੇਗਣ ’ਚ ਮਦਦ ਕੀਤੀ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਤੇਰੇਸ ਨੇ ਈਰਾਨ ਦੇ ਹਮਲੇ ਕਾਰਨ ਪੈਦਾ ਹੋਏ ਤਣਾਅ ਦੇ ਗੰਭੀਰ ਵਾਧੇ ਦੀ ਸਖਤ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਨਾ ਤਾਂ ਇਹ ਖੇਤਰ ਅਤੇ ਨਾ ਹੀ ਦੁਨੀਆ ਇੱਕ ਹੋਰ ਯੁੱਧ ਬਰਦਾਸ਼ਤ ਕਰ ਸਕਦੇ ਹਨ। ਉਨ੍ਹਾ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਪੱਛਮੀ ਏਸ਼ੀਆ ’ਚ ਕਈ ਮੋਰਚਿਆਂ ’ਤੇ ਵੱਡੇ ਫੌਜੀ ਟਕਰਾਅ ਨੂੰ ਭੜਕਾਉਣ ਵਾਲੀ ਕਿਸੇ ਵੀ ਕਾਰਵਾਈ ਤੋਂ ਬਚਣ ਲਈ ਵੱਧ ਤੋਂ ਵੱਧ ਸੰਜਮ ਵਰਤਣ।
ਈਰਾਨ ਨੇ ਅਮਰੀਕਾ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਉਸ ਦੇ ਇਜ਼ਰਾਈਲ ਨਾਲ ਸੰਘਰਸ਼ ਤੋਂ ਦੂਰ ਰਹੇ।

LEAVE A REPLY

Please enter your comment!
Please enter your name here