ਨਵੀਂ ਦਿੱਲੀ : ਈ ਡੀ ਨੇ ਸੋਮਵਾਰ ਦਿੱਲੀ ’ਚ ਕਥਿਤ ਸ਼ਰਾਬ ਨੀਤੀ (2022-22) ਘੁਟਾਲੇ ਦੇ ਮੁਲਜ਼ਮ ਚੰਨਪ੍ਰੀਤ ਸਿੰਘ ਨੂੰ ਗਿ੍ਰਫਤਾਰ ਕੀਤਾ ਹੈ। ਚੰਨਪ੍ਰੀਤ ਸਿੰਘ ’ਤੇ ਗੋਆ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਫੰਡਾਂ ਦਾ ਪ੍ਰਬੰਧ ਕਰਨ ਦਾ ਦੋਸ਼ ਹੈ। ਇਸ ਤੋਂ ਪਹਿਲਾਂ 21 ਮਾਰਚ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈ ਡੀ ਨੇ ਗਿ੍ਰਫਤਾਰ ਕੀਤਾ ਸੀ।
ਹਾਲ ਹੀ ’ਚ, ਜਾਂਚ ਏਜੰਸੀ ਨੇ ਕਥਿਤ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਵਿਧਾਇਕ ਦੁਰਗੇਸ਼ ਪਾਠਕ ਤੋਂ ਵੀ ਪੁੱਛਗਿੱਛ ਕੀਤੀ ਸੀ। ਇਸ ਮਾਮਲੇ ’ਚ ਈਡੀ ਵੱਲੋਂ ਇਹ 17ਵੀਂ ਗਿ੍ਰਫਤਾਰੀ ਹੈ। ਦਿੱਲੀ ਦੇ ਮੁੱਖ ਮੰਤਰੀ ਗਿ੍ਰਫਤਾਰੀ ਤੋਂ ਬਾਅਦ ਤੋਂ ਹੀ ਨਿਆਂਇਕ ਹਿਰਾਸਤ ’ਚ ਤਿਹਾੜ ਜੇਲ੍ਹ ’ਚ ਬੰਦ ਹਨ। ਚੰਨਪ੍ਰੀਤ ਸਿੰਘ ਨੂੰ ਇਸ ਤੋਂ ਪਹਿਲਾਂ ਸੀ ਬੀ ਆਈ ਨੇ ਇਸੇ ਮਾਮਲੇ ’ਚ ਗਿ੍ਰਫਤਾਰ ਕੀਤਾ ਸੀ। ਮਨੀ ਲਾਂਡਰਿੰਗ ਦਾ ਮਾਮਲਾ ਸੀ ਬੀ ਆਈ ਦੀ ਐਫ ਆਈ ਆਰ ਤੋਂ ਬਾਅਦ ਸਾਹਮਣੇ ਆਇਆ ਹੈ। ਈ ਡੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਚੰਨਪ੍ਰੀਤ ਸਿੰਘ ਨੇ ਗੋਆ ਵਿਧਾਨ ਸਭਾ ਚੋਣਾਂ 2022 ਦੌਰਾਨ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰਨ ਵਾਲੇ ਸਰਵੇਖਣ ਵਰਕਰਾਂ, ਏਰੀਆ ਮੈਨੇਜਰਾਂ, ਅਸੈਂਬਲੀ ਮੈਨੇਜਰਾਂ ਅਤੇ ਹੋਰਾਂ ਨੂੰ ਨਕਦ ਭੁਗਤਾਨ ਦਾ ਪ੍ਰਬੰਧ ਕੀਤਾ ਸੀ। ਈ ਡੀ ਨੇ ਦੋਸ਼ ਲਾਇਆ ਸੀ ਕਿ ਦੱਖਣੀ ਗਰੁੱਪ ਨੇ ਦਿੱਲੀ ਦੀ ਸ਼ਰਾਬ ਮੰਡੀ ’ਚ ਦਬਦਬਾ ਹਾਸਲ ਕਰਨ ਲਈ ਆਮ ਆਦਮੀ ਪਾਰਟੀ ਨੂੰ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ। ਸ਼ਰਾਬ ਨੀਤੀ 2021-22 ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ। ਦੱਖਣ ਗਰੁੱਪ ’ਚ ਬੀ ਆਰ ਐਸ ਨੇਤਾ ਅਤੇ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਕੇ ਕਵਿਤਾ, ਕਾਰੋਬਾਰੀ ਸਰਥ ਚੰਦਰ ਰੈਡੀ ਅਤੇ ਹੋਰ ਸ਼ਾਮਲ ਹਨ। ਈਡੀ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਕਥਿਤ ਰਿਸ਼ਵਤਾਂ ਵਿੱਚੋਂ 45 ਕਰੋੜ ਰੁਪਏ ‘ਆਪ’ ਵੱਲੋਂ ਗੋਆ ਚੋਣ ਪ੍ਰਚਾਰ ਲਈ ਖਰਚ ਕੀਤੇ ਗਏ ਸਨ।