ਗੁਰਦਾਸਪੁਰ : ਇਤਿਹਾਸਕ ਪੰਡੋਰੀ ਧਾਮ ’ਚ ਵਿਸਾਖੀ ਮੇਲੇ ਦੌਰਾਨ ਮੋਢੇ ਨਾਲ ਮੋਢਾ ਖਹਿਣ ਮਗਰੋਂ ਨੌਜਵਾਨ ਦਾ ਦਾਤਰ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿ੍ਰਤਕ ਰਾਜੂ (30) ਪੁੱਤਰ ਭੀਮ ਨਰਾਇਣ ਮੂਲ ਰੂਪ ’ਚ ਮਥੁਰਾ ਦੇ ਪਿੰਡ ਧਰੋਲੀ ਦਾ ਸੀ ਅਤੇ ਨਗਰ ਕੌਂਸਲ ਗੁਰਦਾਸਪੁਰ ’ਚ ਠੇਕੇ ’ਤੇ ਸਫਾਈ ਸੇਵਕ ਵਜੋਂ ਤਾਇਨਾਤ ਸੀ। ਰਾਜੂ ਦੇ ਭਰਾ ਰਾਹੁਲ ਨੇ ਦੱਸਿਆ ਕਿ ਉਹ ਆਪਣੇ ਅਤੇ ਚਚੇਰੇ ਭਰਾਵਾਂ ਦੇ ਪਰਵਾਰਾਂ ਨਾਲ ਐਤਵਾਰ ਪੰਡੋਰੀ ਧਾਮ ਚੱਲ ਰਹੇ ਤਿੰਨ ਦਿਨਾਂ ਮੇਲਾ ਵੇਖਣ ਗਏ ਸਨ। ਸ਼ਾਮ 5.30 ਵਜੇ ਦੇ ਕਰੀਬ ਮੇਲੇ ’ਚ ਉਨ੍ਹਾਂ ਨਾਲ ਮੌਜੂਦ 15 ਸਾਲ ਦੇ ਮੁੰਡੇ ਦਾ ਕਿਸੇ ਨੌਜਵਾਨ ਨਾਲ ਮੋਢਾ ਵੱਜ ਗਿਆ। ਇਸ ਮਗਰੋਂ ਅੱਧੀ ਦਰਜਨ ਨੌਜਵਾਨਾਂ ਨੇ ਰਾਜੂ ਦੇ ਪਰਵਾਰ ਨੂੰ ਗਾਲਾਂ ਕੱਢੀਆਂ। ਰਾਹੁਲ ਅਨੁਸਾਰ ਉਨ੍ਹਾਂ ਨੌਜਵਾਨਾਂ ਤੋਂ ਮੁਆਫੀ ਵੀ ਮੰਗੀ, ਪਰ ਇੱਕ ਨੌਜਵਾਨ ਨੇ ਦਾਤਰ ਨਾਲ ਹਮਲਾ ਕਰਕੇ ਰਾਜੂ ਦਾ ਗਲਾ ਵੱਢ ਦਿੱਤਾ। ਪੀੜਤ ਪਰਵਾਰ ਨੇ ਦੋਸ਼ ਲਗਾਇਆ ਕਿ ਮੌਕੇ ’ਤੇ ਪੁਲਸ ਮੁਲਾਜ਼ਮ ਵੀ ਸਨ, ਪਰ ਉਨ੍ਹਾਂ ਦਖਲ ਨਹੀਂ ਦਿੱਤਾ ਅਤੇ ਨਾ ਹੀ ਜ਼ਖਮੀ ਰਾਜੂ ਨੂੰ ਹਸਪਤਾਲ ਪਹੁੰਚਾਉਣ ’ਚ ਕੋਈ ਮਦਦ ਕੀਤੀ। ਰਾਜੂ ਨੂੰ ਉਹ ਆਪ ਮੋਟਰਸਾਈਕਲ ’ਤੇ ਨਿੱਜੀ ਹਸਪਤਾਲ ਲੈ ਕੇ ਗਏ, ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਸਰਕਾਰੀ ਹਸਪਤਾਲ ਵਿੱਚੋਂ ਵੀ ਉਸ ਨੂੰ ਇੱਕ ਹੋਰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਹ ਦਮ ਤੋੜ ਗਿਆ। ਰਾਜੂ ਦਾ ਪਿਤਾ ਭੀਮ ਨਰਾਇਣ ਕਈ ਸਾਲ ਪਹਿਲਾਂ ਪਰਵਾਰ ਸਮੇਤ ਗੁਰਦਾਸਪੁਰ ਦੇ ਪਿੰਡ ਰਾਮ ਨਗਰ ’ਚ ਵੱਸ ਗਿਆ ਸੀ। ਭੀਮ ਨਰਾਇਣ ਵੀ ਨਗਰ ਕੌਂਸਲ ’ਚ ਨੌਕਰੀ ਕਰਦਾ ਸੀ।