ਪੱਤਰਕਾਰ ਲਖਵੀਰ ਸਿੰਘ ਦੇ ਘਰ ’ਤੇ ਹਮਲਾ

0
129

ਅਮਲੋਹ (ਪੱਤਰ ਪ੍ਰੇਰਕ)-ਹਲਕਾ ਅਮਲੋਹ ਦੇ ਨਰਾਇਣਗੜ੍ਹ ਵਿਖੇ ਰਹਿੰਦੇ ਪੱਤਰਕਾਰ ਲਖਵੀਰ ਸਿੰਘ ਦੇ ਘਰ ’ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲਖਵੀਰ ਸਿੰਘ ਵੱਲੋਂ ਐੱਸ ਪੀ ਫਤਿਹਗੜ੍ਹ ਸਾਹਿਬ ਨੂੰ ਸ਼ਿਕਾਇਤ ਦੇ ਕੇ ਕਿਹਾ ਹੈ ਕਿ ਰਣਧੀਰ ਸਿੰਘ ਵਾਸੀ ਪਿੰਡ ਨਰਾਇਣਗੜ੍ਹ ਨੇ ਮੈਨੂੰ ਕੁਝ ਸਮਾਂ ਪਹਿਲਾਂ ਜਾਤੀ ਸੂਚਕ ਸ਼ਬਦਾਂ ਨਾਲ ਗਾਲੀ-ਗਲੋਚ ਕੀਤਾ ਸੀ ਅਤੇ ਮੇਰੇ ਘਰ ਉੱਤੇ ਜਾਨਲੇਵਾ ਹਮਲਾ ਕੀਤਾ ਸੀ, ਜਿਸ ਦੇ ਸੰਬੰਧ ਵਿਚ ਮੈਂ ਪਹਿਲਾਂ ਵੀ ਸ਼ਿਕਾਇਤ ਦਿੱਤੀ ਹੋਈ ਹੈ। ਹੁਣ ਬੀਤੀ 14 ਅਪ੍ਰੈਲ ਸਮਾਂ ਕਰੀਬ ਰਾਤ 8.45 ਵਜੇ ਦਾ ਸੀ, ਮੈਂ ਆਪਣੀ ਮਾਤਾ ਦੇ ਘਰ ਤੋਂ ਆਪਣੇ ਘਰ ਵੱਲ ਆ ਰਿਹਾ ਸਾਂ ਤਾਂ ਮੇਰੇ ਪਿੰਡ ਦੇ ਜਰਨੈਲ ਸਿੰਘ, ਮਲਕੀਤ ਸਿੰਘ, ਗੁਰਵਿੰਦਰ ਸਿੰਘੂ, ਮਨਦੀਪ ਸਿੰਘ ਰਸਤੇ ਵਿਚ ਪਹਿਲਾਂ ਤੋਂ ਹੀ ਖੜੇ ਸਨ, ਜਿਨ੍ਹਾਂ ਦੇ ਹੱਥ ਵਿਚ ਡਾਂਗਾਂ ਸਨ। ਇਹ ਮੈਨੂੰ ਘੇਰ ਕੇ ਧਮਕੀਆਂ ਦੇਣ ਲੱਗੇ ਕਿ ਜੋ ਤੂੰ ਰਣਧੀਰ ਸਿੰਘ ਖਿਲਾਫ ਦਰਖਾਸਤ ਦਿੱਤੀ ਹੋਈ ਹੈ, ਇਹ ਦਰਖਾਸਤ ਵਾਪਸ ਕਰ ਲੈ, ਨਹੀਂ ਤਾਂ ਤੈਨੂੰ ਅਸੀਂ ਜਾਨੋਂ ਮਾਰ ਦੇਣਾ ਹੈ। ਮੈਂ ਉਹਨਾਂ ਨੂੰ ਕਿਹਾ ਕਿ ਇਹ ਦਰਖਾਸਤ ਵਾਪਸ ਨਹੀਂ ਹੋਣੀ, ਮੈਂ ਰਣਧੀਰ ਖਿਲਾਫ ਕਾਰਵਾਈ ਕਰਾਉਣੀ ਹੈ ਤਾਂ ਇਹਨਾਂ ਨੇ ਮੇਰੇ ਉਤੇ ਹਮਲਾ ਕਰ ਦਿੱਤਾ। ਮੈਂ ਉਥੋਂ ਭੱਜ ਕੇ ਆਪਣੇ ਘਰ ਅੰਦਰ ਦਾਖਲ ਹੋ ਗਿਆ, ਪਰ ਇਹ ਮੇਰੇ ਘਰ ਤੱਕ ਮੇਰੇ ਮਗਰ ਮੈਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਆਏ ਅਤੇ ਮੇਰੇ ਘਰ ਡਾਂਗਾਂ ਮਾਰ ਕੇ ਗਏ। ਇਸ ਸੰਬੰਧ ਵਿਚ ਮੈਂ ਰਾਤ ਸਮੇਂ ਹੀ ਥਾਣਾ ਅਮਲੋਹ ਵਿਖੇ ਫੋਨ ਕਰ ਦਿੱਤਾ ਅਤੇ ਪੁਲਸ ਮੌਕੇ ’ਤੇ ਆ ਗਈ ਅਤੇ ਮੈਨੂੰ ਕਹਿ ਗਏ ਕਿ ਸਵੇਰੇ ਥਾਣੇ ਆ ਜਾਣਾ। ਸਵੇਰੇ ਕਰੀਬ 7.30 ਵਜੇ ਉਕਤ ਵਿਅਕਤੀ ਫਿਰ ਡਾਂਗਾਂ ਲੈ ਕੇ ਮੇਰੇ ਘਰ ਆ ਕੇ ਕਹਿੰਦੇ ਕਿ ਬਾਹਰ ਨਿਕਲ, ਤੈਨੂੰ ਅੱਜ ਅਸੀਂ ਜਾਨੋਂ ਮਾਰ ਦੇਣਾ ਹੈ। ਜਰਨੈਲ ਸਿੰਘ ਨੇ ਮੈਨੂੰ ਜਾਤੀ ਸੂਚਕ ਗਾਲ੍ਹਾਂ ਕੱਢ ਕੇ ਬਾਹਰ ਨਿਕਲਣ ਲਈ ਕਿਹਾ ਅਤੇ ਮੈਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਮੇਰੇ ਘਰ ਅੰਦਰ ਦਾਖਲ ਹੋ ਗਏ ਅਤੇ ਦਰਵਾਜ਼ਿਆਂ ’ਤੇ ਡਾਂਗਾਂ ਮਾਰਨ ਲੱਗ ਪਏ। ਮੈਂ ਕਮਰੇ ਦਾ ਕੁੰਡਾ ਅੰਦਰੋਂ ਲਗਾ ਲਿਆ, ਤਾਂ ਏਨੇ ਨੂੰ ਮੇਰੀ ਮਾਤਾ ਮੇਰੇ ਘਰ ਕੋਲ ਆ ਗਈ ਅਤੇ ਉਸ ਨੇ ਕਿਹਾ ਕਿ ਪਹਿਲਾਂ ਤੁਸੀਂ ਮੈਨੂੰ ਜਾਨੋਂ ਮਾਰੋ। ਇਹ ਵਿਅਕਤੀ ਧਮਕੀਆਂ ਦਿੰਦੇ ਬਾਹਰ ਨਿਕਲ ਗਏ। ਮੈਂ ਇਸ ਸੰਬੰਧ ਵਿਚ ਥਾਣਾ ਅਮਲੋਹ ਵਿਖੇ ਸ਼ਿਕਾਇਤ ਕੀਤੀ ਅਤੇ ਪੁਲਸ ਮੁਲਾਜ਼ਮ ਮੌਕੇ ’ਤੇ ਆ ਗਏ, ਪਰ ਮੁਲਜ਼ਮ ਅਜੇ ਵੀ ਪੁਲਸ ਦੀ ਗਿ੍ਰਫਤ ਤੋਂ ਬਾਹਰ ਹਨ। ਉਹਨਾਂ ਨੂੰ ਜਲਦ ਗਿ੍ਰਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਐੱਸ ਪੀ ਰਾਕੇਸ਼ ਯਾਦਵ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here