ਨਵੀਂ ਦਿੱਲੀ (ਗੁਰਜੀਤ ਬਿੱਲਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਨੇ ਸੋਮਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ’ਚ ਮੁਲਾਕਾਤ ਕੀਤੀ।ਉਨ੍ਹਾਂ ਦੀ ਮੁਲਾਕਾਤ ਕਰੀਬ 30 ਮਿੰਟ ਤੱਕ ਚੱਲੀ।ਇਸ ਦੌਰਾਨ ਜੇਲ੍ਹ ’ਚ ਕੇਜਰੀਵਾਲ ਨਾਲ ਹੋਈ ਬਦਸਲੂਕੀ ਨੂੰ ਦੇਖ ਕੇ ਭਗਵੰਤ ਮਾਨ ਭਾਵੁਕ ਹੋ ਗਏ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਨਾਲ ਜੇਲ੍ਹ ’ਚ ਅੱਤਵਾਦੀ ਵਰਗਾ ਸਲੂਕ ਕੀਤਾ ਜਾ ਰਿਹਾ ਹੈ।ਸਾਨੂੰ ਸ਼ੀਸ਼ੇ ਰਾਹੀਂ ਫੋਨ ’ਤੇ ਗੱਲ ਕਰਨ ਲਈ ਬਿਠਾਇਆ ਗਿਆ ਸੀ, ਸ਼ੀਸ਼ਾ ਵੀ ਬਹੁਤ ਗੰਦਾ ਸੀ, ਅਸੀਂ ਇੱਕ-ਦੂਜੇ ਦੇ ਚਿਹਰੇ ਵੀ ਸਾਫ ਨਹੀਂ ਦੇਖ ਸਕੇ। ਕੇਜਰੀਵਾਲ ਦਾ ਕਸੂਰ ਸਿਰਫ ਇਹ ਹੈ ਕਿ ਉਨਾ ਸਕੂਲ ਅਤੇ ਹਸਪਤਾਲ ਬਣਾਏ ਅਤੇ ਲੋਕਾਂ ਲਈ ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸੇ ਕਰਕੇ ਉਨ੍ਹਾ ਨੂੰ ਉਹ ਸਹੂਲਤਾਂ ਵੀ ਨਹੀਂ ਮਿਲ ਰਹੀਆਂ, ਜੋ ਗੰਭੀਰ ਅਪਰਾਧੀਆਂ ਨੂੰ ਮਿਲਦੀਆਂ ਹਨ।ਡਾ. ਸੰਦੀਪ ਪਾਠਕ ਨੇ ਕਿਹਾ ਕਿ ਕੇਜਰੀਵਾਲ ਹਰ ਸਮੇਂ ਦਿੱਲੀ ਅਤੇ ਪੰਜਾਬ ਦੇ ਲੋਕਾਂ ਦੇ ਸੁੱਖ-ਦੁੱਖ ਬਾਰੇ ਪੁੱਛਦੇ ਰਹੇ। ਉਨ੍ਹਾ ਸਵਾਲ ਕੀਤਾ ਕਿ ਕੀ ਲੋਕਾਂ ਨੂੰ ਮੁਫ਼ਤ ਬਿਜਲੀ, ਪਾਣੀ, ਇਲਾਜ ਅਤੇ ਔਰਤਾਂ ਲਈ ਮੁਫਤ ਬੱਸ ਸੇਵਾ ਦੀ ਸਹੂਲਤ ਮਿਲ ਰਹੀ ਹੈ ਜਾਂ ਨਹੀਂ।ਅਗਲੇ ਹਫ਼ਤੇ ਤੋਂ ਉਹ ਦੋ ਮੰਤਰੀਆਂ ਨੂੰ ਜੇਲ੍ਹ ਬੁਲਾ ਕੇ ਉਨ੍ਹਾਂ ਦੇ ਵਿਭਾਗਾਂ ਦਾ ਜਾਇਜ਼ਾ ਲੈਣਗੇ।
ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਮਾਨ ਨੇ ਕਿਹਾ ਕਿ ਸਾਡੀ ਅੱਧਾ ਘੰਟਾ ਮੁਲਾਕਾਤ ਹੋਈ। ਸਾਨੂੰ 12 ਤੋਂ 12:30 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ। ਜਿਵੇਂ ਹੀ ਮੈਂ ਉਨ੍ਹਾ ਨੂੰ ਮਿਲਿਆ, ਮੈਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਮੁੱਖ ਮੰਤਰੀ ਕੇਜਰੀਵਾਲ ਨੂੰ ਉਹ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ, ਜੋ ਕਿ ਭੈੜੇ ਅਪਰਾਧੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਕੇਜਰੀਵਾਲ ਦਾ ਕੀ ਕਸੂਰ? ਉਨ੍ਹਾ ਦਾ ਕਸੂਰ ਸਿਰਫ ਇਹ ਹੈ ਕਿ ਉਨ੍ਹਾ ਲੋਕਾਂ ਲਈ ਹਸਪਤਾਲ, ਮੁਹੱਲਾ ਕਲੀਨਿਕ ਅਤੇ ਸਕੂਲ ਬਣਾਏ। ਬਿਜਲੀ ਅਤੇ ਪਾਣੀ ਸਾਰਿਆਂ ਲਈ ਮੁਫਤ ਕੀਤਾ। ਤੁਸੀਂ ਉਨ੍ਹਾ ਨਾਲ ਅਜਿਹਾ ਸਲੂਕ ਕਰ ਰਹੇ ਹੋ, ਜਿਵੇਂ ਤੁਸੀਂ ਕਿਸੇ ਵੱਡੇ ਅੱਤਵਾਦੀ ਨੂੰ ਫੜ ਲਿਆ ਹੋਵੇ।ਮਾਨ ਨੇ ਕਿਹਾ ਕਿ ਜੇਲ ਮੈਨੂਅਲ ਦੇ ਨਿਯਮਾਂ ਅਨੁਸਾਰ ਜੇਲ੍ਹ ਵਿਚ ਦੋਸ਼ੀ ਦਾ ਆਚਰਣ ਚੰਗਾ ਹੋਵੇ ਤਾਂ ਉਸ ਨੂੰ ਆਹਮੋ-ਸਾਹਮਣੇ ਮਿਲਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਜਦੋਂ ਪੀ. ਚਿਦੰਬਰਮ ਜੇਲ੍ਹ ਵਿੱਚ ਸਨ ਅਤੇ ਸੋਨੀਆ ਗਾਂਧੀ ਉਨ੍ਹਾ ਨੂੰ ਮਿਲਣ ਆਉਦੀ ਸੀ ਤਾਂ ਉਨ੍ਹਾ ਨੂੰ ਇੱਕ ਕਮਰੇ ਵਿੱਚ ਆਹਮੋ-ਸਾਹਮਣੇ ਬਿਠਾਇਆ ਜਾਂਦਾ ਸੀ।
ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਹਮੋ-ਸਾਹਮਣੇ ਪੇਸ਼ ਕੀਤਾ ਗਿਆ, ਪਰ ਅੱਜ ਫੋਨ ਰਾਹੀਂ ਮੁਲਾਕਾਤ ਦਾ ਇੰਤਜ਼ਾਮ ਕੀਤਾ ਗਿਆ, ਜਿਵੇਂ ਕੋਈ ਵੱਡਾ ਅਪਰਾਧੀ ਸਾਹਮਣੇ ਬੈਠਾ ਹੋਵੇ।ਉਹ ਨਹੀਂ ਜਾਣਦੇ ਕਿ ਸਾਡੇ ਨਾਲ ਏਨੀ ਦੁਸ਼ਮਣੀ ਕਿਉ ਹੈ ਕਿ ਸਾਡੇ ਨਾਲ ਅੱਤਵਾਦੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨਾਲ ਅਜਿਹਾ ਸਲੂਕ ਕਿਉ? ਵਿਰੋਧੀ ਧਿਰ ਨਾਲ ਅਜਿਹਾ ਵਤੀਰਾ ਉਨ੍ਹਾਂ ਨੂੰ ਮਹਿੰਗਾ ਪਵੇਗਾ।ਕੇਜਰੀਵਾਲ ਇਮਾਨਦਾਰ ਵਿਅਕਤੀ ਹਨ, ਜਿਨ੍ਹਾ ਪਾਰਦਰਸ਼ਤਾ ਦੀ ਰਾਜਨੀਤੀ ਸ਼ੁਰੂ ਕੀਤੀ ਅਤੇ ਭਾਜਪਾ ਦੀ ਰਾਜਨੀਤੀ ਨੂੰ ਖਤਮ ਕੀਤਾ।ਅੱਜ ਉਹਨਾ ਨਾਲ ਅਜਿਹਾ ਵਿਹਾਰ ਦੇਖ ਕੇ ਬਹੁਤ ਦੁੱਖ ਹੋਇਆ। ਕੇਜਰੀਵਾਲ ਇਸੇ ਸੋਚ ਦਾ ਨਾਂਅ ਹੈ।ਤੁਸੀਂ ਇੱਕ ਵਿਅਕਤੀ ਨੂੰ ਗਿ੍ਰਫਤਾਰ ਕਰ ਸਕਦੇ ਹੋ, ਪਰ ਤੁਸੀਂ ਉਸ ਦੀ ਸੋਚ ਨੂੰ ਕਿਵੇਂ ਗਿ੍ਰਫਤਾਰ ਕਰੋਗੇ?
ਡਾ. ਸੰਦੀਪ ਪਾਠਕ ਨੇ ਦੱਸਿਆ ਕਿ ਕੇਜਰੀਵਾਲ ਨੇ ਵੀ ਕਿਹਾ ਕਿ ਉਹ ਜਲਦੀ ਹੀ ਬਾਹਰ ਆਉਣਗੇ ਅਤੇ ਬਾਹਰ ਆਉਣ ਤੋਂ ਬਾਅਦ ਉਹ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਜ਼ਰੂਰ ਪੂਰਾ ਕਰਨਗੇ। ਹਰ ਸਮੇਂ ਉਹ ਦਿੱਲੀ ਦੇ ਲੋਕਾਂ ਬਾਰੇ ਪੁੱਛਦੇ ਰਹੇ ਕਿ ਉਹ ਕਿਵੇਂ ਹਨ, ਕਿਸੇ ਨੂੰ ਕੋਈ ਸਮੱਸਿਆ ਹੈ ਜਾਂ ਨਹੀਂ। ਉਨ੍ਹਾ ਕਿਹਾ ਕਿ ਉਹ ਜਿੱਥੇ ਵੀ ਰਹਿੰਦੇ ਹਨ, ਉਨ੍ਹਾ ਦਾ ਜੀਵਨ ਸੰਘਰਸ਼ ਭਰਿਆ ਰਿਹਾ ਹੈ ਅਤੇ ਉਹ ਭਵਿੱਖ ਵਿੱਚ ਵੀ ਸੰਘਰਸ਼ ਕਰਦੇ ਰਹਿਣਗੇ।
ਭਾਵੁਕ ਹੋਏ ਭਗਵੰਤ ਮਾਨ
ਕੇਜਰੀਵਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਗਵੰਤ ਮਾਨ ਮੀਡੀਆ ਨੂੰ ਸੰਬੋਧਨ ਦੌਰਾਨ ਜੇਲ੍ਹ ਵਿਚ ਕੇਜਰੀਵਾਲ ਨਾਲ ਕੀਤੇ ਜਾ ਰਹੇ ਵਿਹਾਰ ਨੂੰ ਲੈ ਕੇ ਬੇਹੱਦ ਭਾਵੁਕ ਹੋ ਗਏ। ਉਨ੍ਹਾ ਦੀਆਂ ਅੱਖਾਂ ’ਚ ਹੰਝੂ ਸਨ ਅਤੇ ਕੁਝ ਸਮੇਂ ਲਈ ਮੀਡੀਆ ਨਾਲ ਗੱਲ ਨਹੀਂ ਕਰ ਸਕੇ।