ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਕਿਹਾ ਕਿ ਦੇਸ਼ ’ਚ 2024 ਦੇ ਮੌਨਸੂਨ ਸੀਜ਼ਨ ’ਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ 104 ਤੋਂ 110 ਫੀਸਦੀ ਵਿਚਾਲੇ ਮੀਂਹ ਨੂੰ ਆਮ ਨਾਲੋਂ ਬਿਹਤਰ ਮੰਨਦਾ ਹੈ। ਇਹ ਫਸਲਾਂ ਲਈ ਚੰਗਾ ਸੰਕੇਤ ਹੈ। ਵਿਭਾਗ ਨੇ ਦੱਸਿਆ ਕਿ 2024 ਵਿਚ 106 ਫੀਸਦੀ ਯਾਨਿ 87 ਸੈਂਟੀਮੀਟਰ ਮੀਂਹ ਪੈ ਸਕਦਾ ਹੈ। ਚਾਰ ਮਹੀਨਿਆਂ ਦੇ ਮੌਨਸੂਨ ਸੀਜ਼ਨ ਲਈ ਲੰਮੀ ਮਿਆਦ ਦੀ ਔਸਤ 868.6 ਮਿਲੀਮੀਟਰ ਯਾਨਿ 86.86 ਸੈਂਟੀਮੀਟਰ ਹੁੰਦੀ ਹੈ। ਯਾਨਿ ਮੌਨਸੂਨ ਵਿਚ ਕੁਲ ਏਨਾ ਮੀਂਹ ਪੈਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਨਿੱਜੀ ਮੌਸਮ ਏਜੰਸੀ ਸਕਾਈਮੇਟ ਨੇ ਜੂਨ ਤੋਂ ਸਤੰਬਰ ਤੱਕ 96 ਤੋਂ 104 ਫੀਸਦੀ ਮੀਂਹ ਦੀ ਭਵਿੱਖਬਾਈ ਕੀਤੀ ਸੀ। ਭਾਰਤ ਵਿਚ ਮੌਨਸੂਨ ਇਕ ਜੂਨ ਦੇ ਕਰੀਬ ਕੇਰਲਾ ਵਿਚ ਆਉਦਾ ਹੈ ਤੇ ਚਾਰ ਮਹੀਨਿਆਂ ਬਾਅਦ ਸਤੰਬਰ ਵਿਚ ਰਾਜਸਥਾਨ ਰਾਹੀਂ ਇਸ ਦੀ ਵਾਪਸੀ ਹੁੰਦੀ ਹੈ।
ਮੌਨਸੂਨ ਵਿਚ ਪੰਜਾਬ, ਹਰਿਆਣਾ ਸਮੇਤ 20 ਰਾਜਾਂ ਵਿਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ, ਛੱਤੀਸਗੜ੍ਹ, ਜੰਮੂ-ਕਸ਼ਮੀਰ ਤੇ ਲੱਦਾਖ ਵਿਚ ਨਾਰਮਲ ਮੀਂਹ ਪਵੇਗਾ। ਜਲਵਾਯੂ ਵਿਗਿਆਨੀਆਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ਦੀ ਗਿਣਤੀ ਘਟ ਰਹੀ ਹੈ, ਜਦੋਂ ਕਿ ਭਾਰੀ ਵਰਖਾ ਦੀਆਂ ਘਟਨਾਵਾਂ (ਥੋੜ੍ਹੇ ਸਮੇਂ ’ਚ ਵਧੇਰੇ ਮੀਂਹ) ਵਧ ਰਹੀਆਂ ਹਨ, ਜਿਸ ਨਾਲ ਅਕਸਰ ਸੋਕੇ ਅਤੇ ਹੜ੍ਹ ਦੇ ਹਾਲਾਤ ਪੈਦਾ ਹੋ ਜਾਂਦੇ ਹਨ।
1951-2023 ਦਰਮਿਆਨ ਅੰਕੜਿਆਂ ਦੇ ਆਧਾਰ ’ਤੇ ਭਾਰਤ ’ਚ ਮੌਨਸੂਨ ਸੀਜ਼ਨ ’ਚ ਨੌਂ ਵਾਰ ਆਮ ਨਾਲੋਂ ਜ਼ਿਆਦਾ ਮੀਂਹ ਪਿਆ।