ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਪੋਜ਼ੀਸ਼ਨ ਦੀ ਹੌਸਲਾਸ਼ਿਕਨੀ ਕਰਨ ਦਾ ‘ਚਾਰ ਸੌ ਪਾਰ’ ਦਾ ਨਾਅਰਾ ਰਾਜਸਥਾਨ ਦੀਆਂ ਕਈ ਸੀਟਾਂ ’ਤੇ ਭਾਜਪਾ ਨੂੰ ਪੁੱਠਾ ਪੈਂਦਾ ਲੱਗ ਰਿਹਾ ਹੈ। ਸੂਬੇ ਦੇ ਦਲਿਤਾਂ ਤੇ ਕਬਾਇਲੀਆਂ ਦੇ ਵੱਡੇ ਹਿੱਸੇ ਵਿਚ ਡਰ ਪੈਦਾ ਹੋ ਗਿਆ ਹੈ ਕਿ ਜੇ ਤੀਜੀ ਵਾਰ ਮੋਦੀ ਸਰਕਾਰ ਬਣਦੀ ਹੈ ਤਾਂ ਉਹ ਜ਼ਬਰਦਸਤ ਬਹੁਗਿਣਤੀ ਨੂੰ ਸੰਵਿਧਾਨ ਬਦਲਣ ਲਈ ਵਰਤ ਕੇ ਉਨ੍ਹਾਂ ਦੇ ਰਿਜ਼ਰਵੇਸ਼ਨ ਦੇ ਲਾਭਾਂ ਨੂੰ ਖੋਹ ਲਵੇਗੀ। ਇਸ ਡਰ ਵਿਚ ਕਾਂਗਰਸ ਛੱਡ ਕੇ ਭਾਜਪਾ ਦੀ ਟਿਕਟ ’ਤੇ ਨਾਗੌਰ ਹਲਕੇ ਤੋਂ ਚੋਣ ਲੜ ਰਹੀ ਜਿਓਤੀ ਮਿਰਧਾ ਦੀ ਵਾਇਰਲ ਹੋ ਰਹੀ ਸਪੀਚ ਨੇ ਵੀ ਵਾਧਾ ਕੀਤਾ ਹੈ, ਜਿਸ ’ਚ ਉਸ ਨੇ ਕਿਹਾ ਹੈ ਕਿ ਕਈ ਸਖਤ ਫੈਸਲੇ ਕਰਨੇ ਪੈਣੇ ਹਨ, ਜਿਸ ਲਈ ਸੰਵਿਧਾਨ ਸੋਧਣਾ ਪੈਣਾ। ਵੱਡੇ ਫੈਸਲੇ ਲੈਣ ਲਈ ਲੋਕ ਸਭਾ ਦੇ ਨਾਲ-ਨਾਲ ਰਾਜ ਸਭਾ ਵਿਚ ਵੀ ਬਹੁਮਤ ਦੀ ਲੋੜ ਹੈ। ਇਹ ਆਮ ਪ੍ਰਭਾਵ ਹੈ ਕਿ ਆਰ ਐੱਸ ਐੱਸ ਰਿਜ਼ਰਵੇਸ਼ਨ ਦੇ ਵਿਰੁੱਧ ਹੈ। ਇਸ ਦੇ ਮੁਖੀ ਮੋਹਨ ਭਾਗਵਤ ਨੇ ਇਕ ਵਾਰ ਰਿਜ਼ਰਵੇਸ਼ਨ ਵਿਰੋਧੀ ਬਿਆਨ ਦੇ ਕੇ ਬਿਹਾਰ ਵਿਚ ਭਾਜਪਾ ਤੇ ਉਸ ਦੇ ਇਤਿਹਾਦੀਆਂ ਦਾ ਕਾਫੀ ਨੁਕਸਾਨ ਕਰਵਾ ਦਿੱਤਾ ਸੀ। ਉਸ ਤੋਂ ਬਾਅਦ ਭਾਗਵਤ ਹੁਣ ਤੱਕ ਸਫਾਈ ਦਿੰਦੇ ਆ ਰਹੇ ਹਨ। ਰਾਜਸਥਾਨ ਦੇ ਪੜ੍ਹੇ-ਲਿਖੇ ਨੌਜਵਾਨ ਪੁੱਛ ਰਹੇ ਹਨਮੋਦੀ ਚਾਰ ਸੌ ਪਾਰ, ਚਾਰ ਸੌ ਪਾਰ, ਕਿਉ ਚਿੱਲਾ ਰਹੇ ਹਨ? ਭਾਜਪਾ ਸੰਵਿਧਾਨ ਬਦਲਣਾ ਚਾਹੁੰਦੀ ਹੈ ਕੀ?
ਰਾਜਸਥਾਨ ਵਿਚ ਮੀਣਾ ਅਨੁਸੂਚਿਤ ਜਨਜਾਤੀ ਵਿਚ ਆਉਦੇ ਹਨ। ਰਿਜ਼ਰਵੇਸ਼ਨ ਦੇ ਸਦਕਾ ਦੇਸ਼ ਭਰ ਵਿਚ ਇਸ ਭਾਈਚਾਰੇ ਦੇ ਕਾਫੀ ਅਫਸਰ ਮਿਲਦੇ ਹਨ। ਦਲਿਤਾਂ ਵਿਚ ਮੇਘਵਾਲ ਤੇ ਬੈਰਵਾਲ ਦੇ ਲੋਕਾਂ ਦੀ ਕਾਫੀ ਗਿਣਤੀ ਹੈ। ਰਿਜ਼ਰਵੇਸ਼ਨ ਕਰਕੇ ਇਨ੍ਹਾਂ ਦੇ ਵੀ ਕਾਫੀ ਅਫਸਰ ਮਿਲਦੇ ਹਨ। ‘ਚਾਰ ਸੌ ਪਾਰ’ ਦੇ ਆਪਣੇ ਨਾਅਰੇ ਨਾਲ ਪੈਦਾ ਹੋਏ ਡਰ ਨੂੰ ਦੂਰ ਕਰਨ ਲਈ ਮੋਦੀ ਨੂੰ ਬਾੜਮੇਰ ਦੀ ਚੋਣ ਰੈਲੀ ਵਿਚ ਇਹ ਕਹਿਣਾ ਪਿਆ ਕਿ ਸਰਕਾਰ ਲਈ ਸੰਵਿਧਾਨ ਗੀਤਾ, ਰਾਮਾਇਣ, ਮਹਾਭਾਰਤ, ਬਾਈਬਲ ਤੇ ਕੁਰਾਨ ਹੈ, ਪਰ ਭਾਜਪਾ ਆਗੂ ਵੀ ਮੰਨ ਰਹੇ ਹਨ ਕਿ ਮੀਣਿਆਂ ਨੂੰ ਨਾਰਾਜ਼ ਕਰਕੇ ਭਾਜਪਾ ਦੌਸਾ, ਨਾਗੌਰ, ਚੁਰੂ ਤੇ ਸੀਕਰ ਸੀਟਾਂ ਗੁਆ ਸਕਦੀ ਹੈ। ਰਾਜਸਥਾਨ ਵਿਚ 25 ਸੀਟਾਂ ਹਨ ਤੇ ਪਿਛਲੀ ਵਾਰ ਭਾਜਪਾ ਨੇ ਸਾਰੀਆਂ ਜਿੱਤੀਆਂ ਸਨ। ਇਸ ਵਾਰ ਭਾਜਪਾ ਦੀ ਸੂਬੇ ਵਿਚ ਸਰਕਾਰ ਹੋਣ ਦੇ ਬਾਵਜੂਦ ਭਾਜਪਾ ਨੂੰ ਇਹ ਖੋਰਾ ਲੱਗਦਾ ਨਜ਼ਰ ਆ ਰਿਹਾ ਹੈ।
ਜਿਵੇਂ-ਜਿਵੇਂ ਵੋਟਿੰਗ ਦੇ ਦਿਨ ਨੇੜੇ ਆ ਰਹੇ ਹਨ, ਕਿਸਾਨਾਂ ਤੋਂ ਇਲਾਵਾ ਦਲਿਤਾਂ, ਕਬਾਇਲੀਆਂ ਤੇ ਰਾਜਪੂਤਾਂ ’ਚ ਵੀ ਚੇਤਨਾ ਪੈਦਾ ਹੋ ਰਹੀ ਹੈ ਕਿ ‘ਚਾਰ ਸੌ ਪਾਰ’ ਦਾ ਨਾਅਰਾ ਉਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲਾ ਹੈ।