ਰਾਇਪੁਰ : ਛੱਤੀਸਗੜ੍ਹ ਦੇ ਬਸਤਰ ਵਿਚ 19 ਅਪ੍ਰੈਲ ਨੂੰ ਲੋਕ ਸਭਾ ਲਈ ਪਹਿਲੇ ਗੇੜ ਦੀ ਪੋਲਿੰਗ ਤੋਂ ਪਹਿਲਾਂ ਮੰਗਲਵਾਰ ਕਾਂਕੇਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 29 ਨਕਸਲੀ ਮਾਰੇ ਗਏ। ਮਾਰੇ ਜਾਣ ਵਾਲਿਆਂ ਵਿੱਚੋਂ ਸ਼ੰਕਰ ਰਾਓ ’ਤੇ 25 ਲੱਖ ਦਾ ਇਨਾਮ ਸੀ।
ਅੱਜ ਸਰਕਾਰੀ ਛੁੱਟੀ
ਚੰਡੀਗੜ੍ਹ : ਪੰਜਾਬ ਸਰਕਾਰ ਨੇ 17 ਅਪ੍ਰੈਲ ਨੂੰ ਰਾਮਨੌਮੀ ਦੀ ਸਰਕਾਰੀ ਛੁੱਟੀ ਐਲਾਨੀ ਹੈ। ਸਾਰੇ ਸਰਕਾਰੀ ਅਦਾਰੇ, ਸਕੂਲ-ਕਾਲਜ ਤੇ ਹੋਰ ਅਦਾਰੇ ਬੰਦ ਰਹਿਣਗੇ। ਇਸ ਦੇ ਨਾਲ ਹੀ 21 ਅਪ੍ਰੈਲ ਨੂੰ ਮਹਾਂਵੀਰ ਜੈਅੰਤੀ ਦੀ ਛੁੱਟੀ ਵੀ ਐਲਾਨੀ ਗਈ ਹੈ।
ਕਿਸ਼ਤੀ ਉਲਟਣ ਨਾਲ 2 ਬੱਚਿਆਂ ਸਣੇ 6 ਮੌਤਾਂ
ਸ੍ਰੀਨਗਰ : ਸ਼ਹਿਰ ਦੇ ਬਾਹਰਵਾਰ ਗੰਦਰਬਲ ਨੌਗਾਮ ਇਲਾਕੇ ’ਚ ਜੇਹਲਮ ਦਰਿਆ ’ਚ ਮੰਗਲਵਾਰ ਕਿਸ਼ਤੀ ਉਲਟਣ ਕਾਰਨ 2 ਬੱਚਿਆਂ ਸਣੇ 6 ਲੋਕਾਂ ਦੀ ਮੌਤ ਹੋ ਗਈ। 6 ਨੂੰ ਬਚਾ ਲਿਆ ਗਿਆ, ਜਦਕਿ 3 ਲਾਪਤਾ ਹਨ। ਡੀ ਸੀ ਨੇ ਦੱਸਿਆ ਕਿ ਕਿਸ਼ਤੀ ਵਿਚ 7 ਸਕੂਲੀ ਬੱਚੇ ਤੇ 8 ਹੋਰ ਲੋਕ ਸਵਾਰ ਸਨ। ਹਾਦਸਾ ਸਵੇਰੇ ਪੌਣੇ 8 ਤੇ 8 ਵਜੇ ਦੇ ਵਿਚਾਲੇ ਹੋਇਆ। ਮੀਂਹ ਕਾਰਨ ਦਰਿਆ ਚੜ੍ਹਿਆ ਹੋਇਆ ਸੀ।ਤੇਜ਼ੀ ਨਾਲ ਫੈਲ ਰਿਹਾ ਛਾਤੀ ਦਾ ਕੈਂਸਰ
ਨਵੀਂ ਦਿੱਲੀ : ਛਾਤੀ ਦੇ ਕੈਂਸਰ ਨਾਲ ਦੁਨੀਆ ’ਚ 2040 ਤੱਕ ਹਰ ਸਾਲ 10 ਲੱਖ ਔਰਤਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ। ਲੈਂਸੇਟ ਦੀ ਨਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ 2020 ਦੇ ਅੰਤ ਤੱਕ ਪੰਜ ਸਾਲਾਂ ’ਚ ਲੱਗਭੱਗ 78 ਲੱਖ ਔਰਤਾਂ ’ਚ ਛਾਤੀ ਦੇ ਕੈਂਸਰ ਦਾ ਪਤਾ ਲਗਾਇਆ ਗਿਆ ਅਤੇ ਉਸ ਸਾਲ ਲੱਗਭੱਗ 685,000 ਔਰਤਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ। ਰਿਪੋਰਟ ਦਾ ਅੰਦਾਜ਼ਾ ਹੈ ਕਿ ਵਿਸ਼ਵ ਪੱਧਰ ’ਤੇ ਛਾਤੀ ਦੇ ਕੈਂਸਰ ਦੇ ਮਾਮਲੇ 2020 ’ਚ 23 ਲੱਖ ਤੋਂ ਵਧ ਕੇ 2040 ਤੱਕ 30 ਲੱਖ ਤੋਂ ਵੱਧ ਹੋ ਜਾਣਗੇ, ਜੋ ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ਾਂ ਨੂੰ ਪ੍ਰਭਾਵਤ ਕਰਨਗੇ।
ਸਲਮਾਨ ਦੇ ਘਰ ’ਤੇ ਗੋਲੀਬਾਰੀ, 2 ਫੜੇ
ਮੁੰਬਈ : ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਵਿਅਕਤੀ ਸਮੇਤ ਦੋ ਜਣਿਆਂ ਨੂੰ ਗੁਜਰਾਤ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਕੱਛ-ਪੱਛਮੀ ਦੇ ਡੀ ਆਈ ਜੀ ਮਹਿੰਦਰ ਬਗਾੜੀਆ ਨੇ ਦੱਸਿਆ ਕਿ ਬਿਹਾਰ ਦੇ ਰਹਿਣ ਵਾਲੇ ਵਿੱਕੀ ਗੁਪਤਾ (24) ਅਤੇ ਸਾਗਰ ਪਾਲ (21) ਨੂੰ ਸੋਮਵਾਰ ਦੇਰ ਰਾਤ ਕੱਛ ਜ਼ਿਲ੍ਹੇ ਦੇ ਮਾਤਾ ਨੌਂ ਮਧ ਪਿੰਡ ਤੋਂ ਗਿ੍ਰਫਤਾਰ ਕੀਤਾ ਗਿਆ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪਾਲ ਅਤੇ ਗੁਪਤਾ ਨੂੰ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਸਲਮਾਨ ਦੇ ਘਰ ’ਤੇ ਗੋਲੀ ਚਲਾਉਣ ਲਈ ਕਿਹਾ ਸੀ। ਪਾਲ ਨੇ ਗੋਲੀਆਂ ਚਲਾਈਆਂ ਤੇ ਗੁਪਤਾ ਗੈਂਗ ਦੇ ਮੈਂਬਰਾਂ ਦੇ ਸੰਪਰਕ ’ਚ ਸੀ।