ਚੰਡੀਗੜ੍ਹ : ਸਾਡੇ ਸੰਵਿਧਾਨ ਅਨੁਸਾਰ ਸਥਾਪਤ ਹੋਈਆਂ ਅਦਾਲਤਾਂ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ, ਭਾਵੇਂ ਉਹ ਉਮਰ ਕੈਦ ਹੋਵੇ ਜਾਂ ਕੁਝ ਸਾਲਾਂਬੱਧੀ ਹੋਵੇ, ਕੱਟ ਚੁੱਕੇ ਸਾਰੇ ਕੈਦੀਆਂ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਰਿਹਾਅ ਕੀਤਾ ਜਾਣਾ ਚਾਹੀਦਾ ਹੈ | ਅਖਬਾਰਾਂ ਵਿਚ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਉੱਠੀ ਮੰਗ ਸੰਬੰਧੀ ਸ਼ਨੀਵਾਰ ਇਥੇ ਪੰਜਾਬ ਸੀ ਪੀ ਆਈ ਨੇ ਟਿੱਪਣੀ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਵੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਸ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਹੈ | ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਆਖਿਆ ਕਿ ਪੰਜਾਬ ਸੀ ਪੀ ਆਈ ਅਤੇ ਸਾਰੀਆਂ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਇਸ ਗੱਲ ਦੀ ਜ਼ੋਰਦਾਰ ਮੰਗ ਕਰਦੀਆਂ ਹਨ ਕਿ ਦੇਸ਼ ਅੰਦਰ ਹਜ਼ਾਰਾਂ ਬੁੱਧੀਜੀਵੀ ਅਤੇ ਜਮਹੂਰੀਅਤ ਦੀ ਰਾਖੀ ਲਈ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਵੀ ਮੋਦੀ ਦੀ ਫਾਸ਼ੀ ਸਰਕਾਰ ਨੇ ਸਾਲਾਂਬੱਧੀ ਗੈਰ-ਕਾਨੂੰਨੀ ਤਰੀਕੇ ਨਾਲ ਜੇਲ੍ਹੀਂ ਡੱਕਿਆ ਹੋਇਆ ਹੈ, ਉਹਨਾਂ ਸਾਰਿਆਂ ਨੂੰ ਵੀ ਰਿਹਾਅ ਕੀਤਾ ਜਾਣਾ ਚਾਹੀਦਾ ਹੈ | ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨਾਂ ਬਾਰੇ ਸਾਥੀ ਬਰਾੜ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਸਮੁੱਚੀ ਮਾਨਵਤਾ ਦੀ ਪ੍ਰਤੀਨਿਧਤਾ ਕਰਦਾ ਹੈ ਤੇ ਹਰ ਧਰਮ ਅਤੇ ਫਿਰਕੇ ਦੇ ਲੋਕ ਇੱਥੋਂ ਮਾਨਵਤਾ ਦੇ ਭਲੇ ਲਈ ਅਮਨ ਤੇ ਸ਼ਾਂਤੀ ਦਾ ਸੰਦੇਸ਼ ਲੈ ਕੇ ਜਾਂਦੇ ਹਨ | ਚੰਗਾ ਹੋਵੇ ਜਥੇਦਾਰ ਸਾਹਿਬ ਆਪਸੀ ਸਾਂਝ ਅਤੇ ਪ੍ਰੇਮ ਦਾ ਸੰਦੇਸ਼ ਦੇਣ, ਨਾ ਕਿ ਕਿਸੇ ਇਕ ਫਿਰਕੇ ਜਾਂ ਧਰਮ ਵਿਸ਼ੇਸ਼ ਬਾਰੇ ਗੱਲ ਕਰਨ | ਸਾਥੀ ਬਰਾੜ ਨੇ ਪੰਜਾਬ ਦੀਆਂ ਸਮੁੱਚੀਆਂ ਰਾਜਨੀਤਕ ਸ਼ਕਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਅਤੇ ਭਾਰਤ ਦੇ ਦੂਜੇ ਪ੍ਰਾਂਤਾਂ ਵਿਚ ਵੀ ਸਜ਼ਾ ਕੱਟ ਚੱੁਕੇ ਕੈਦੀਆਂ ਦੀ ਰਿਹਾਈ ਦੀ ਮੰਗ ਵੀ ਕਰਨ ਅਤੇ ਕੇਂਦਰ ਦੀ ਫਾਸ਼ੀ ਸਰਕਾਰ ਦੀਆਂ ਗੈਰ-ਵਿਧਾਨਕ ਗਤੀਵਿਧੀਆਂ ਵਿਰੁੱਧ ਆਵਾਜ਼ ਉਠਾਉਣ |