ਜਲੰਧਰ (ਰਾਜੇਸ਼ ਥਾਪਾ)
ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਜਸਵੰਤ ਸਿੰਘ ਸਮਰਾ ਯਾਦਗਾਰ ਹਾਲ ਵਿੱਚ ਹੋਈ, ਜਿਸ ਵਿਚ ਫੈਸਲਾ ਕੀਤਾ ਗਿਆ ਕਿ 7 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਪੈਨਸ਼ਨਰਾਂ ਦੇ ਸਾਂਝੇ ਫਰੰਟ ਵੱਲੋਂ ਜੋ ਸੂਬਾਈ ਕਨਵੈਨਸ਼ਨ ਹੋ ਰਹੀ ਹੈ, ਉਸ ਵਿੱਚ ਹੁੰਮ-ਹੁਮਾ ਕੇ ਸ਼ਮੂਲੀਅਤ ਕੀਤੀ ਜਾਏਗੀ | ਪੈਨਸ਼ਨਰ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੇ-ਸਕੇਲ ਵਿਚ ਪੈਨਸ਼ਨਰਾਂ ਨਾਲ ਧੱਕਾ ਕੀਤਾ ਗਿਆ ਹੈ | ਉਨ੍ਹਾਂ ਨੂੰ ਪੂਰਾ ਗ੍ਰੇਡ ਨਹੀਂ ਦਿੱਤਾ ਗਿਆ | ਹੋਰ ਵੀ ਕਈ ਤਰੁੱਟੀਆਂ ਹਨ, ਜਿਨ੍ਹਾਂ ਵਿਰੁੱਧ ਲਗਾਤਾਰ ਸੰਘਰਸ਼ ਕੀਤਾ ਜਾਵੇਗਾ ਅਤੇ ਉਹ ਤਰੁੱਟੀਆਂ ਦੂਰ ਕਰਵਾਈਆਂ ਜਾਣਗੀਆਂ | ਮੀਟਿੰਗ ਨੂੰ ਉਚੇਚੇ ਤੌਰ ‘ਤੇ ਸੰਬੋਧਨ ਕਰਦਿਆਂ ਏਟਕ ਦੇ ਸੂਬਾਈ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਏਟਕ ਨਾਲ ਸੰਬੰਧਤ ਰਿਟਾਇਰਡ ਮੁਲਾਜ਼ਮਾਂ ਨੂੰ ਆਪੋ-ਆਪਣੇ ਜ਼ਿਲਿ੍ਹਆਂ ਵਿੱਚ ਲਾਲ ਝੰਡੇ ਦੀ ਪਾਰਟੀ ਸੀ ਪੀ ਆਈ ਨਾਲ ਜੁੜ ਕੇ ਸਰਗਰਮੀ ਕਰਨੀ ਚਾਹੀਦੀ ਹੈ | ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਵਾਸਤੇ ਨੌਜਵਾਨਾਂ ਨੂੰ ਜਥੇਬੰਦ ਕਰਨ ਦਾ ਪੈਨਸ਼ਨਰ ਯੂਨੀਅਨ ਦੇ ਆਗੂ ਬਹੁਤ ਸ਼ਾਨਦਾਰ ਢੰਗ ਨਾਲ ਕੰਮ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ 8-9 ਸਤੰਬਰ ਨੂੰ ਸੀ ਪੀ ਆਈ ਦੀ ਸੂਬਾਈ ਕਾਨਫਰੰਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਹੋ ਰਹੀ ਹੈ ਅਤੇ ਉਸ ਕਾਨਫ਼ਰੰਸ ਨੂੰ ਹਰ ਪੱਖ ਤੋਂ ਕਾਮਯਾਬ ਕਰਨ ਲਈ ਪੈਨਸ਼ਨਰਾਂ ਨੇ ਯਕੀਨ ਦਿਵਾਇਆ ਹੈ |
ਭਾਵੇਂ ਉਹ ਪੱਖ ਆਰਥਿਕ ਹੋਵੇ ਜਾਂ ਵਲੰਟੀਅਰ ਕਾਰਜ ਦਾ | ਇਸ ਮੌਕੇ ਪੈਨਸ਼ਨਰ ਜਥੇਬੰਦੀ ਏਟਕ ਦੇ ਸੀਨੀਅਰ ਆਗੂ ਜਸਵੰਤ ਸਿੰਘ ਬਹੱਤਰ, ਸੁੱਚਾ ਸਿੰਘ ਧੌਲ, ਅਵਤਾਰ ਸਿੰਘ ਤਾਰੀ, ਜਗਤਾਰ ਸਿੰਘ ਭੂੰਗਰਨੀ, ਸੱਤਪਾਲ ਭਗਤ ਸਾਬਕਾ ਡਿਸਟਿ੍ਕ ਅਟਾਰਨੀ, ਸਵਰਨ ਸਿੰਘ ਹਠੂਰ, ਪੂਹਲਾ ਸਿੰਘ ਮੋਗਾ, ਪਿ੍ਥੀਪਾਲ ਸਿੰਘ ਮਾੜੀਮੇਘਾ, ਦਲਜੀਤ ਸਿੰਘ, ਸੰਤੋਖ ਸਿੰਘ, ਚਮਕੌਰ ਸਿੰਘ ਤੇ ਪਿ੍ਤਪਾਲ ਸਿੰਘ ਨੇ ਸੰਬੋਧਨ ਕੀਤਾ |