ਸੀ ਪੀ ਆਈ ਵੱਲੋਂ ਪੰਜਾਬ ’ਚ ਤਿੰਨ ਲੋਕ ਸਭਾ ਸੀਟਾਂ ਲੜਨ ਦਾ ਐਲਾਨ

0
134

ਲੁਧਿਆਣਾ, (ਐੱਮ ਐੱਸ ਭਾਟੀਆ)-ਬੁੱਧਵਾਰ ਇੱਥੇ ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਐਗਜ਼ੈਕਟਿਵ ਦੀ ਮੀਟਿੰਗ ਡੀ ਪੀ ਮੌੜ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪਾਰਲੀਮੈਂਟ ਦੀਆਂ ਆਉਦੀਆਂ ਚੋਣਾਂ ਬਾਰੇ ਵੇਰਵੇ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਬੰਤ ਸਿੰਘ ਬਰਾੜ ਸੂਬਾ ਸਕੱਤਰ ਨੇ ਚੋਣਾਂ ਵਿੱਚ ਪਾਰਟੀ ਦੇ ਸਟੈਂਡ ਦੀ ਵਿਆਖਿਆ ਕੀਤੀ। ਇਸ ਉਪਰੰਤ ਫੈਸਲਾ ਹੋਇਆ ਕਿ ਪੰਜਾਬ ਵਿੱਚ ਪਾਰਟੀ ਤਿੰਨ ਸੀਟਾਂ ’ਤੇ ਚੋਣ ਲੜੇਗੀ, ਜਿਨ੍ਹਾਂ ਵਿੱਚ ਫਰੀਦਕੋਟ, ਅੰਮਿ੍ਰਤਸਰ ਅਤੇ ਖਡੂਰ ਸਾਹਿਬ ਸ਼ਾਮਿਲ ਹਨ। ਇਸ ਤੋਂ ਇਲਾਵਾ ਜਲੰਧਰ ਵਿਖੇ ਸੀ ਪੀ ਆਈ (ਐੱਮ) ਦੇ ਉਮੀਦਵਾਰ ਦਾ ਸਮਰਥਨ ਕੀਤਾ ਜਾਏਗਾ। ਮੀਟਿੰਗ ਵਿੱਚ ਵੱਖ-ਵੱਖ ਸਾਥੀਆਂ ਨੇ ਬੋਲਦੇ ਹੋਏ ਕਿਹਾ ਕਿ ਅੱਜ ਦੇਸ਼ ਦੀ ਸਥਿਤੀ ਬਹੁਤ ਹੀ ਨਾਜ਼ੁਕ ਦੌਰ ’ਚ ਹੈ, ਕਿਉਕਿ ਪਿਛਲੇ 10 ਸਾਲਾਂ ਵਿੱਚ ਆਰ ਐੱਸ ਐੱਸ ਦੀ ਵਿਚਾਰਧਾਰਾ ਨੂੰ ਪ੍ਰਣਾਈ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਦੌਰਾਨ ਦੇਸ਼ ਵਿੱਚ ਸਮਾਜਿਕ ਸਦਭਾਵਨਾ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ, ਕਾਮਿਆਂ ਦੇ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ, ਕਿਸਾਨਾਂ ਦੇ ਉੱਪਰ ਲਗਾਤਾਰ ਜ਼ੁਲਮ ਢਾਹੇ ਗਏ ਹਨ ਤੇ ਮੰਗੀਆਂ ਹੋਈਆਂ ਮੰਗਾਂ ਤੋਂ ਸਰਕਾਰ ਪੂਰੀ ਤਰ੍ਹਾਂ ਮੁਕਰ ਗਈ ਹੈ, ਜਿਸ ਤਰੀਕੇ ਨਾਲ ਬਿਲਕਿਸ ਬਾਨੋ ਦੇ ਹਤਿਆਰਿਆਂ ਤੇ ਬਲਾਤਕਾਰੀਆਂ ਨੂੰ ਰਿਹਾਅ ਕੀਤਾ ਗਿਆ ਜਾਂ ਫਿਰ ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਬਿ੍ਰਜ ਭੂਸ਼ਨ ਸ਼ਰਨ ਸਿੰਘ ਦਾ ਬਚਾਅ ਕਰਕੇ ਮਹਿਲਾ ਭਲਵਾਨਾਂ ’ਤੇ ਜ਼ੁਲਮ ਢਾਹੇ ਗਏ, ਇਹ ਅਤੀ ਨਿਖੇਧੀਯੋਗ ਘਟਨਾਵਾਂ ਹਨ। ਬੇਰੁਜ਼ਗਾਰੀ ਤੇ ਮਹਿੰਗਾਈ ਦੇ ਕਾਰਨ ਅੱਜ ਹਾਹਾਕਾਰ ਮਚੀ ਹੋਈ ਹੈ। ਸਿੱਖਿਆ ਤੇ ਸਿਹਤ ਸੇਵਾਵਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਹਰ ਪੱਖੋਂ ਅਸਫਲ ਭਾਜਪਾ ਸਰਕਾਰ ਲੋਕਾਂ ਵਿੱਚ ਵੰਡੀਆਂ ਪਾ ਕੇ, ਧਰਮ ਤੇ ਰਾਜਨੀਤੀ ਨੂੰ ਰਲਗਡ ਕਰਕੇ ਮੁੜ ਸੱਤਾ ਵਿੱਚ ਆਉਣ ਦੀ ਫਿਰਾਕ ਵਿੱਚ ਹੈ, ਜਿਸ ਤਰੀਕੇ ਨਾਲ ਪਰਮਾਣੂ ਬੰਬਾਂ ਬਾਰੇ ਨਰਿੰਦਰ ਮੋਦੀ ਨੇ ਬਿਆਨ ਦਿੱਤਾ ਹੈ, ਉਹ ਬਹੁਤ ਹੀ ਖਤਰਨਾਕ ਗੱਲ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਭਾਜਪਾ ਦੀ ਸਰਕਾਰ ਨੂੰ ਗੱਦੀਓਂ ਲਾਹਿਆ ਜਾਏ, ਤਾਂ ਜੋ ਦੇਸ਼ ਵਿੱਚ ਸਦਭਾਵਨਾ ਦਾ ਮਾਹੌਲ ਬਣੇ ਅਤੇ ਲੋਕ ਹਿੱਤੂ ਸਰਕਾਰ ਦਾ ਗਠਨ ਹੋਵੇ। ਇਸ ਬਾਰੇ ਪਾਰਟੀ ‘ਇੰਡੀਆ ਗਠਜੋੜ’ ਦੇ ਨਾਲ ਪੂਰੀ ਤਰ੍ਹਾਂ ਡਟ ਕੇ ਖੜੀ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਧਾਲੀਵਾਲ, ਜਗਰੂਪ ਸਿੰਘ ਅਤੇ ਹਰਦੇਵ ਅਰਸ਼ੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ।

LEAVE A REPLY

Please enter your comment!
Please enter your name here