ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਦਿੱਤੇ ਅੱਤਵਾਦੀਆਂ ਨੂੰ ਮਾਰਨ ਲਈ ਸਰਹੱਦ ਪਾਰ ਕਰਨ ਦੇ ਕਥਿਤ ਬਿਆਨ ’ਤੇ ਅਮਰੀਕੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ਇਸ ਮਾਮਲੇ ਵਿਚ ਦਖਲ ਨਹੀਂ ਦੇਵੇਗਾ, ਪਰ ਉਸਨੇ ਭਾਰਤ ਅਤੇ ਪਾਕਿਸਤਾਨ ਨੂੰ ਤਣਾਅ ਵਧਣ ਤੋਂ ਬਚਣ ਅਤੇ ਗੱਲਬਾਤ ਰਾਹੀਂ ਹੱਲ ਕੱਢਣ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਉਨ੍ਹਾਂ ਤੋਂ ਅੱਤਵਾਦੀਆਂ ਨੂੰ ਖਤਮ ਕਰਨ ਲਈ ਭਾਰਤ ਦੇ ਦੂਜੇ ਦੇਸ਼ਾਂ ਵਿਚ ਕਥਿਤ ਕਾਰਵਾਈਆਂ ਬਾਰੇ ਸਵਾਲ ਪੁੱਛਿਆ ਗਿਆ ਸੀ। ਇਹ ਪੁੱਛੇ ਜਾਣ ’ਤੇ ਕਿ ਕੀ ਕੈਨੇਡਾ ’ਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਦੇ ਕਤਲ, ਨਿਊਯਾਰਕ ’ਚ ਗੁਰਪਤਵੰਤ ਸਿੰਘ ਪਨੂੰ ਦੇ ਕਤਲ ਦੀ ਸਾਜ਼ਿਸ਼ ਅਤੇ ਪਾਕਿਸਤਾਨ ’ਚ ਹੋਈਆਂ ਹੱਤਿਆਵਾਂ ਦੇ ਸੰਦਰਭ ’ਚ ਮੋਦੀ ਅਤੇ ਰਾਜਨਾਥ ਦੀਆਂ ਟਿੱਪਣੀਆਂ ਨੂੰ ਇਕਬਾਲੀਆ ਬਿਆਨ ਮੰਨਿਆ ਗਿਆ ਹੈ, ਮਿਲਰ ਨੇ ਕਿਹਾ ਕਿ ਅਮਰੀਕਾ ਇਸ ਮਾਮਲੇ ’ਚ ਨਹੀਂ ਪਏਗਾ।


