ਬੱਚਿਆਂ ਲਈ ਨੈਸਲੇ ਦੇ ਉਤਪਾਦਾਂ ’ਚ ਖੰਡ ਦੀ ਜ਼ਿਆਦਾ ਵਰਤੋਂ

0
92

ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਡੀ ਖਪਤਕਾਰ ਉਤਪਾਦ ਕੰਪਨੀ ਨੈਸਲੇ ਬਾਰੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਉਹ ਦੁੱਧ ਅਤੇ ਬੱਚਿਆਂ ਦੇ ਉਤਪਾਦਾਂ ’ਚ ਖੰਡ ਅਤੇ ਸ਼ਹਿਦ ਵਰਗੀਆਂ ਚੀਜ਼ਾਂ ਮਿਲਾ ਰਹੀ ਹੈ, ਜੋ ਕਿ ਮੋਟਾਪੇ ਅਤੇ ਗੰਭੀਰ ਬਿਮਾਰੀਆਂ ਤੋਂ ਬਚਣ ਲਈ ਜਾਰੀ ਕੌਮਾਂਤਰੀ ਮਾਪਦੰਡਾਂ ਦੇ ਬਿਲਕੁਲ ਉਲਟ ਹੈ। ਨੈਸਲੇ ਵੱਲੋਂ ਗਰੀਬ ਦੇਸ਼ਾਂ ’ਚ ਵੇਚੇ ਜਾਣ ਵਾਲੇ ਬੱਚਿਆਂ ਦੇ ਦੁੱਧ ’ਚ ਵੱਧ ਮਾਤਰਾ ’ਚ ਖੰਡ ਮਿਲਾਈ ਜਾਂਦੀ ਹੈ, ਪਰ ਯੂਰਪ ਜਾਂ ਬਰਤਾਨੀਆ ਦੇ ਬਾਜ਼ਾਰਾਂ ਵਿਚ ਅਜਿਹਾ ਨਹੀਂ ਹੈ। ਨੈਸਲੇ ਦੇ ਦੋ ਸਭ ਤੋਂ ਵੱਧ ਵਿਕਣ ਵਾਲੇ ਬੇਬੀ ਫੂਡ ਬ੍ਰਾਂਡਾਂ ’ਚ ਖੰਡ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ, ਜਦੋਂ ਕਿ ਬਰਤਾਨੀਆ, ਜਰਮਨੀ, ਸਵਿਟਜ਼ਰਲੈਂਡ ਅਤੇ ਹੋਰ ਵਿਕਸਤ ਦੇਸ਼ਾਂ ’ਚ ਇਹੀ ਉਤਪਾਦ ਬਿਨਾਂ ਖੰਡ ਦੇ ਵੇਚੇ ਜਾ ਰਹੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਨੈਸਲੇ ਮੋਟਾਪੇ ਅਤੇ ਗੰਭੀਰ ਬਿਮਾਰੀਆਂ ਨੂੰ ਰੋਕਣ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਉਲਟ ਦੁੱਧ ਅਤੇ ਬੇਬੀ ਉਤਪਾਦਾਂ ’ਚ ਖੰਡ ਅਤੇ ਸ਼ਹਿਦ ਮਿਲਾ ਰਿਹਾ ਹੈ। ਰਿਪੋਰਟ ਮੁਤਾਬਕ ਭਾਰਤ ’ਚ ਵਿਕਣ ਵਾਲੇ ਨੈਸਲੇ ਦੇ ਬੱਚਿਆਂ ਦੇ ਉਤਪਾਦਾਂ ਦੀ ਹਰ ਸਰਵਿੰਗ ’ਚ ਲੱਗਭੱਗ 3 ਗ੍ਰਾਮ ਖੰਡ ਹੈ। ਕੰਪਨੀ ਵੱਲੋਂ ਪੈਕੇਟ ’ਤੇ ਖੰਡ ਦੀ ਇਸ ਮਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਰਮਨੀ, ਫਰਾਂਸ ਅਤੇ ਬਰਤਾਨੀਆ ’ਚ ਨੈਸਲੇ ਵੱਲੋਂ ਵੇਚੇ ਗਏ ਛੇ ਮਹੀਨੇ ਦੇ ਬੱਚਿਆਂ ਲਈ ਸੇਰੇਲੈਕ ਕਣਕ-ਅਧਾਰਤ ਅਨਾਜ ’ਚ ਖੰਡ ਨਹੀਂ ਮਿਲੀ, ਜਦੋਂ ਕਿ ਇਥੋਪੀਆ ’ਚ ਇੱਕੋ ਉਤਪਾਦ ’ਚ 5 ਗ੍ਰਾਮ ਤੇ ਥਾਈਲੈਂਡ ’ਚ 6 ਗ੍ਰਾਮ ਤੋਂ ਵੱਧ ਖੰਡ ਸੀ।
ਸਾਲ 2022 ’ਚ ਵਿਸ਼ਵ ਸਿਹਤ ਸੰਗਠਨ ਨੇ ਬੱਚਿਆਂ ਦੀ ਖੁਰਾਕ ’ਚ ਖੰਡ ਮਿਲਾਉਣ ’ਤੇ ਪਾਬੰਦੀ ਲਾਉਣ ਲਈ ਕਿਹਾ ਸੀ। ਰਿਪੋਰਟ ਦੇ ਜਵਾਬ ’ਚ ਨੈਸਲੇ ਇੰਡੀਆ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ 5 ਸਾਲਾਂ ’ਚ ਨੈਸਲੇ ਇੰਡੀਆ ਨੇ ਬਾਲ ਅਨਾਜ ਪੋਰਟਫੋਲੀਓ ’ਚ ਸ਼ਾਮਲ ਕੀਤੀ ਖੰਡ ਦੀ ਮਾਤਰਾ ਨੂੰ 30% ਤੱਕ ਘਟਾ ਦਿੱਤਾ ਹੈ। ਕੰਪਨੀ ਅੱਗੇ ਵੀ ਆਪਣੇ ਉਤਪਾਦਾਂ ’ਚ ਸੁਧਾਰ ਜਾਰੀ ਰੱਖੇਗੀ।

LEAVE A REPLY

Please enter your comment!
Please enter your name here