ਲੁਧਿਆਣਾ : ਕਾਂਗਰਸ ਦੇ ਸਾਬਕਾ ਵਿਧਾਇਕ ਜੱਸੀ ਖੰਗੂੜਾ, ਜੋ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ’ਚ ਸ਼ਾਮਲ ਹੋਏ ਸਨ, ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲਈ ਪਾਰਟੀ ਟਿਕਟ ਦੇ ਦਾਅਵੇਦਾਰਾਂ ਵਿੱਚੋਂ ਇੱਕ ਸਨ। ਪਾਰਟੀ ਨੇ ਲੁਧਿਆਣਾ ਲੋਕ ਸਭਾ ਸੀਟ ਲਈ ਮੌਜੂਦਾ ਵਿਧਾਇਕ ਅਸ਼ੋਕ ਪੱਪੀ ਪਰਾਸ਼ਰ ਨੂੰ ਉਮੀਦਵਾਰ ਐਲਾਨਿਆ ਹੈ।
ਏ ਡੀ ਜੀ ਪੀ ਢਿੱਲੋਂ ਵੀ ਸਿਆਸਤ ’ਚ ਕੁੱਦਣਗੇ
ਚੰਡੀਗੜ੍ਹ : ਪੰਜਾਬ ਦੇ ਏ ਡੀ ਜੀ ਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਉਨ੍ਹਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ, ਪਰ ਸਵੈ-ਇੱਛਤ ਸੇਵਾਮੁਕਤੀ ਸਕੀਮ (ਵੀ ਆਰ ਐੱਸ) ਲਈ ਹੈ। ਸੂਤਰਾਂ ਮੁਤਾਬਕ ਉਹ ਜਲਦੀ ਹੀ ਕਿਸੇ ਸਿਆਸੀ ਪਾਰਟੀ ’ਚ ਸ਼ਾਮਲ ਹੋ ਸਕਦੇ ਹਨ। ਆਈ ਏ ਐੱਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੇ ਵੀ ਭਾਜਪਾ ’ਚ ਸ਼ਾਮਲ ਹੋਣ ਲਈ ਵੀ ਆਰ ਐੱਸ ਦੀ ਚੋਣ ਕੀਤੀ ਅਤੇ ਉਹ ਬਠਿੰਡਾ ਤੋਂ ਚੋਣ ਲੜ ਰਹੀ ਹੈ।
ਪੇ੍ਰਮੀ ’ਤੇ ਤੇਜ਼ਾਬ ਸੁੱਟਿਆ
ਬਲੀਆ : ਯੂ ਪੀ ਦੇ ਬਲੀਆ ਜ਼ਿਲ੍ਹੇ ਦੇ ਬਾਂਸਡੀਹ ਰੋਡ ਇਲਾਕੇ ਦੇ ਪਿੰਡ ’ਚ ਮੁਟਿਆਰ ਨੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਨ ਤੋਂ ਨਾਰਾਜ਼ ਹੋ ਕੇ ਕਥਿਤ ਤੌਰ ’ਤੇ ਆਪਣੇ ਪ੍ਰੇਮੀ ਦੇ ਮੂੰਹ ’ਤੇ ਤੇਜ਼ਾਬ ਸੁੱਟ ਦਿੱਤਾ। ਪੁਲਸ ਨੇ ਕੁੜੀ ਨੂੰ ਹਿਰਾਸਤ ’ਚ ਲੈ ਲਿਆ ਹੈ। ਮੰਗਲਵਾਰ ਸ਼ਾਮ ਰਾਕੇਸ਼ ਬਿੰਦ ਦੀ ਬਰਾਤ ਨਿਕਲਣ ਵਾਲੀ ਸੀ ਕਿ ਇਸ ਦੌਰਾਨ ਪਿੰਡ ਦੀ ਹੀ ਲਕਸ਼ਮੀ ਨੇ ਉਸ ਦੇ ਚਿਹਰੇ ’ਤੇ ਤੇਜ਼ਾਬ ਸੁੱਟ ਦਿੱਤਾ। ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਰਾਕੇਸ਼ ਦੇ ਲਕਸ਼ਮੀ ਨਾਲ ਪਹਿਲਾਂ ਪ੍ਰੇਮ ਸੰਬੰਧ ਸਨ।