33.5 C
Jalandhar
Monday, May 27, 2024
spot_img

ਪ੍ਰਧਾਨ ਮੰਤਰੀ ਦੀ ਬੁਖਲਾਹਟ

ਪਹਿਲੇ ਗੇੜ ਦੀਆਂ ਚੋਣਾਂ ਵਿੱਚ ਘੱਟ ਵੋਟ ਪੋਲ ਹੋਣ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੋਲੀ ਬਦਲ ਗਈ ਹੈ। ਪਹਿਲਾਂ ਉਹ 400 ਪਾਰ ਦੇ ਨਾਅਰੇ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰਦੇ ਸਨ, ਪਰ ਹੁਣ ਉਨ੍ਹਾ ਨੂੰ ਕੁਰਸੀ ਖੁੱਸਦੀ ਨਜ਼ਰ ਆ ਰਹੀ ਹੈ। ਪਿਛਲੇ ਐਤਵਾਰ ਰਾਜਸਥਾਨ ਦੇ ਬਾਂਸਵਾੜਾ, ਸੋਮਵਾਰ ਯੂ ਪੀ ਦੇ ਅਲੀਗੜ੍ਹ ਤੇ ਮੰਗਲਵਾਰ ਰਾਜਸਥਾਨ ਦੇ ਟੋਂਕ ਵਿੱਚ ਇੱਕੋ ਭਾਸ਼ਣ ਦਿੱਤਾ ਕਿ ਜੇਕਰ ਕਾਂਗਰਸ ਸੱਤਾ ਵਿੱਚ ਆ ਗਈ ਤਾਂ ਤੁਹਾਡੀਆਂ ਜਾਇਦਾਦਾਂ ਖੋਹ ਕੇ ਮੁਸਲਮਾਨ ਘੁਸਪੈਠੀਆਂ ਨੂੰ ਦੇ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਉਨ੍ਹਾ ਇੱਕ ਹੋਰ ਝੂਠ ਬੋਲਿਆ ਕਿ ਪਿਛਲੀ ਵਾਰ ਕਾਂਗਰਸ ਰਾਜ ਦੌਰਾਨ ਰਾਜਸਥਾਨ ਵਿੱਚ ਰਾਮਨੌਮੀ ਨਹੀਂ ਸੀ ਮਨਾਈ ਗਈ। ਅਸਲੀਅਤ ਇਹ ਹੈ ਕਿ ਪਿਛਲੇ ਸਾਲ ਦਫ਼ਾ 144 ਲੱਗੀ ਹੋਣ ਦੇ ਬਾਵਜੂਦ ਰਾਮਨੌਮੀ ਦੇ ਜਲੂਸ ਨਿਕਲੇ ਸਨ। ਅਸਲ ਵਿੱਚ ਮੋਦੀ ਦੀ ਬੁਖਲਾਹਟ ਇਹ ਹੈ ਕਿ ਉਨ੍ਹਾ ਦਾ ਹਰ ਦਾਅ ਪੁੱਠਾ ਪੈ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣਾਂ ਵਿੱਚ ਇਹ ਗੱਲ ਕਹੀ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਇਹ ਲਿਖਿਆ ਹੈ ਕਿ ਹਰ ਵਿਅਕਤੀ ਦਾ ਆਰਥਕ ਸਰਵੇ ਕਰਾ ਕੇ ਉਸ ਦੀ ਜਾਇਦਾਦ ਦਾ ਪਤਾ ਲਗਾਇਆ ਜਾਵੇਗਾ ਤੇ ਵਾਧੂ ਜਾਇਦਾਦ ਨੂੰ ਘੁਸਪੈਠੀਆਂ ਅਰਥਾਤ ਮੁਸਲਮਾਨਾਂ ਵਿੱਚ ਵੰਡ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਚਾਹੁੰਦੇ ਸਨ ਕਿ ਉਨ੍ਹਾ ਦੇ ਬਿਆਨ ਵਿਰੁੱਧ ਰਾਹੁਲ ਗਾਂਧੀ ਬੋਲਣਗੇ ਤੇ ਫਿਰ ਉਹ ਚੋਣਾਂ ਨੂੰ ਮੋਦੀ ਬਨਾਮ ਰਾਹੁਲ ਬਣਾਉਣ ਵਿੱਚ ਕਾਮਯਾਬ ਹੋ ਜਾਣਗੇ। ਰਾਹੁਲ ਗਾਂਧੀ ਇਸ ਉੱਤੇ ਚੁੱਪ ਰਹੇ ਅਤੇ ਇਸ ਦੇ ਜਵਾਬ ਵਿੱਚ ਕਾਂਗਰਸ ਨੇ ਆਪਣਾ ਮੈਨੀਫੈਸਟੋ ਵੱਡੇ ਪੈਮਾਨੇ ਉੱਤੇ ਛਪਾ ਕੇ ਤੇ ਅਖ਼ਬਾਰਾਂ ’ਚ ਪਾ ਕੇ ਘਰ-ਘਰ ਪੁਚਾਉਣਾ ਸ਼ੁਰੂ ਕਰ ਦਿੱਤਾ, ਤਾਂ ਕਿ ਲੋਕ ਖੁਦ ਪ੍ਰਧਾਨ ਮੰਤਰੀ ਦੇ ਝੂਠ ਨੂੰ ਫੜ ਸਕਣ।
ਪ੍ਰਧਾਨ ਮੰਤਰੀ ਦੀ ਦੂਜੀ ਚਿੰਤਾ ਇਹ ਹੈ ਕਿ ਧਾਰਮਿਕ ਧਰੁਵੀਕਰਨ ਨਹੀਂ ਹੋ ਰਿਹਾ। ਜਾਤੀ ਸਰਵੇਖਣ ਨੇ ਧਾਰਮਿਕ ਵਖਰੇਵਿਆਂ ਨੂੰ ਪਿੱਛੇ ਧੱਕ ਦਿੱਤਾ ਹੈ। ਦੇਸ਼ ਵਿੱਚ ਬਹੁਤ ਸਾਰੀਆਂ ਜਾਤੀਆਂ ਹਨ, ਜਿਸ ਵਿੱਚ ਹਿੰਦੂ ਵੀ ਹਨ ਤੇ ਮੁਸਲਮਾਨ ਵੀ। ਮਿਸਾਲ ਵਜੋਂ ਗੁੱਜਰ ਹਿੰਦੂ ਵੀ ਹਨ ਤੇ ਮੁਸਲਮਾਨ ਵੀ। ਜਾਤੀ ਸਰਵੇਖਣ ਦੀ ਕਾਂਗਰਸ ਦੀ ਗਰੰਟੀ ਨੇ ਉਨ੍ਹਾਂ ਨੂੰ ਇੱਕ ਕਰ ਦਿੱਤਾ ਹੈ। ਇਹੋ ਕਾਰਨ ਹੈ ਕਿ ਗਹਿਗੱਚ ਚੋਣ ਜੰਗ ਹੋਣ ਦੇ ਬਾਵਜੂਦ ਪਹਿਲੇ ਗੇੜ ਵਿੱਚ 102 ਵਿੱਚੋਂ ਇੱਕ ਸੀਟ ਉੱਤੇ ਵੀ ਫਿਰਕੂ ਝੜਪਾਂ ਨਹੀਂ ਹੋਈਆਂ।
ਇਸ ਸਮੇਂ ਮੋਦੀ-ਸ਼ਾਹ ਦੀ ਇੱਕ ਹੋਰ ਵੱਡੀ ਮੁਸ਼ਕਲ ਹੈ ਕਿ ਉਨ੍ਹਾਂ ਕੋਲ ਸੂਬਾ ਪੱਧਰੀ ਹੈਸੀਅਤ ਰੱਖਣ ਵਾਲੇ ਆਗੂ ਹੀ ਨਹੀਂ ਰਹੇ। ਮੋਦੀ-ਸ਼ਾਹ ਨੇ ਇੱਕ-ਇੱਕ ਕਰਕੇ ਸਭ ਨੂੰ ਗੁੱਠੇ ਲਾ ਦਿੱਤਾ ਹੈ। ਰਾਜਸਥਾਨ ਵਿੱਚ ਵਸੁੰਧਰਾ ਆਪਣੇ ਬੇਟੇ ਦੀ ਚੋਣ ਲੜ ਰਹੀ ਹੈ। ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਚੌਹਾਨ, ਛੱਤੀਸਗੜ੍ਹ ’ਚ ਰਮਨ ਸਿੰਘ ਤੇ ਹਰਿਆਣੇ ’ਚ ਮਨੋਹਰ ਲਾਲ ਖੱਟਰ ਆਪਣੀਆਂ ਸੀਟਾਂ ਵਿੱਚ ਫਸੇ ਹੋਏ ਹਨ। ਇੱਕੋ-ਇੱਕ ਯੋਗੀ ਆਦਿੱਤਿਆਨਾਥ ਹੈ, ਜਿਹੜਾ ਮੋਦੀ-ਸ਼ਾਹ ਨੂੰ ਫੁੱਟੀ ਅੱਖ ਵੀ ਨਹੀਂ ਭਾਉਂਦਾ।
ਦੂਜੇ ਪਾਸੇ ਇੰਡੀਆ ਗੱਠਜੋੜ ਕੋਲ ਰਾਜ ਪੱਧਰੀ ਆਗੂਆਂ ਦੀ ਪੂਰੀ ਫੌਜ ਹੈ। ਕਰਨਾਟਕ ਵਿੱਚ ਸਿੱਧਾਰਮਈਆ ਤੇ ਡੀ ਕੇ ਸ਼ਿਵ ਕੁਮਾਰ, ਮਹਾਰਾਸ਼ਟਰ ਵਿੱਚ ਸ਼ਰਦ ਪਵਾਰ ਤੇ ਊਧਵ ਠਾਕਰੇ, ਬਿਹਾਰ ਵਿੱਚ ਤੇਜਸਵੀ ਯਾਦਵ, ਯੂ ਪੀ ਵਿੱਚ ਅਖਿਲੇਸ਼, ਹਰਿਆਣੇ ਵਿੱਚ ਭੁਪਿੰਦਰ ਹੁੱਡਾ ਤੇ ਰਾਜਸਥਾਨ ਵਿੱਚ ਸਚਿਨ ਪਾਇਲਟ ਸੂਬਾ ਪੱਧਰੀ ਲੜਾਈ ਲੜ ਰਹੇ ਹਨ। ਇਹ ਆਗੂ ਸਥਾਨਕ ਮਸਲਿਆਂ ਨੂੰ ਜਾਣਦੇ ਹਨ ਤੇ ਉਠਾ ਰਹੇ ਹਨ। ਮੋਦੀ ਕੋਲ ਇਨ੍ਹਾਂ ਦਾ ਤੋੜ ਨਹੀਂ। ਇਸ ਲਈ ਉਨ੍ਹਾ ਦੀ ਲਗਾਤਾਰ ਕੋਸ਼ਿਸ਼ ਧਾਰਮਿਕ ਧਰੁਵੀਕਰਨ ਤੇ ਕਾਂਗਰਸ ਵਿਰੁੱਧ ਨਫ਼ਰਤ ਫੈਲਾਉਣ ਦੀ ਰਹੀ ਹੈ।
ਪ੍ਰਧਾਨ ਮੰਤਰੀ ਦੇ ਬਿਆਨਾਂ ਨੂੰ ਲੈ ਕੇ ਦੇਸ਼-ਬਦੇਸ਼ ਵਿੱਚ ਤਿੱਖੀ ਪ੍ਰਤੀਕਿਰਿਆ ਹੋਈ ਹੈ। ‘ਨਿਊ ਯਾਰਕ ਟਾਈਮਜ਼’, ‘ਦੀ ਗਾਰਡੀਅਨ’, ‘ਵਾਸ਼ਿੰਗਟਨ ਪੋਸਟ’, ‘ਵਾਲ ਸਟ੍ਰੀਟ ਜਰਨਲ, ‘ਦੀ ਟਾਈਮਜ਼’ ਤੇ ‘ਅਲ ਜਜ਼ੀਰਾ’ ਨੇ ਮੋਦੀ ਦੇ ਬਿਆਨਾਂ ਨੂੰ ਫਿਰਕੂ ਭੜਕਾਹਟਾਂ ਪੈਦਾ ਕਰਨ ਵਾਲੇ ਕਹਿ ਕੇ ਛਾਪਿਆ ਹੈ।
ਦੇਸ਼ ਦੀਆਂ ਸਭ ਵਿਰੋਧੀ ਪਾਰਟੀਆਂ ਸਮੇਤ ਨਾਗਰਿਕ ਸੰਸਥਾਵਾਂ ਨਾਲ ਜੁੜੇ ਦੋ ਹਜ਼ਾਰ ਤੋਂ ਵੱਧ ਬੁੱਧੀਜੀਵੀਆਂ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਮੋਦੀ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਚੋਣ ਕਮਿਸ਼ਨ ਸਾਜ਼ਿਸ਼ੀ ਚੁੱਪ ਵੱਟ ਕੇ ਹਾਕਮ ਧਿਰ ਦੀ ਕਠਪੁਤਲੀ ਹੋਣ ਦਾ ਸਬੂਤ ਦੇ ਰਿਹਾ ਹੈ। ਆਉਣ ਵਾਲੇ ਚੋਣ ਪੜਾਵਾਂ ਵਿੱਚ ਫਿਰਕੂ ਭੜਕਾਹਟਾਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles