29.4 C
Jalandhar
Saturday, May 18, 2024
spot_img

ਅਮਰੀਕਾ ’ਚ ਵਿਦਿਆਰਥੀ ਮੁਜ਼ਾਹਰੇ

ਅਮਰੀਕੀ ਯੂਨੀਵਰਸਿਟੀਆਂ ਵਿਚ ਫਲਸਤੀਨ ਦੇ ਹੱਕ ਵਿਚ ਅੱਜਕੱਲ੍ਹ ਜ਼ਬਰਦਸਤ ਮੁਜ਼ਾਹਰੇ ਹੋ ਰਹੇ ਹਨ। ਕੋਲੰਬੀਆ, ਲਾਸ ਏਂਜਲਸ ਤੇ ਔਸਟਿਨ ਸਣੇ ਦੇਸ਼ ਭਰ ਦੀਆਂ 25 ਯੂਨੀਵਰਸਿਟੀਆਂ ਵਿਚ ਇਹ ਮੁਜ਼ਾਹਰੇ ਜਾਰੀ ਹਨ। ਸੈਂਕੜੇ ਵਿਦਿਆਰਥੀ ਗਿ੍ਰਫਤਾਰ ਵੀ ਕੀਤੇ ਜਾ ਚੁੱਕੇ ਹਨ। ਵਿਦਿਆਰਥੀ ਗਾਜ਼ਾ ਵਿਚ ਇਜ਼ਰਾਈਲੀ ਹਮਲੇ ਰੁਕਵਾਉਣ ਲਈ ਅਮਰੀਕੀ ਸਰਕਾਰ ’ਤੇ ਦਬਾਅ ਬਣਾ ਰਹੇ ਹਨ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਸਰਕਾਰ ਵੱਲੋਂ ਇਨ੍ਹਾਂ ਮੁਜ਼ਾਹਰਿਆਂ ਨੂੰ ਦਬਾਉਣ ਲਈ ਅਮਰੀਕੀ ਨੈਸ਼ਨਲ ਗਾਰਡਾਂ ਦੀ ਵਰਤੋਂ ਕਰਨ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਨੈਸ਼ਨਲ ਗਾਰਡ ਦੀ ਤਾਇਨਾਤੀ ਵੱਡੇ ਖਤਰਿਆਂ ਨਾਲ ਨਿੱਬੜਨ ਲਈ ਕੀਤੀ ਜਾਂਦੀ ਹੈ। ਬੁੱਧਵਾਰ ਵਿਦਿਆਰਥੀਆਂ ਤੇ ਪੁਲਸ ਵਿਚਾਲੇ ਝੜਪਾਂ ਵੀ ਹੋਈਆਂ। ਟੈਕਸਾਸ ਯੂਨੀਵਰਸਿਟੀ ਅਤੇ ਸਦਰਨ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਦਰਜਨਾਂ ਵਿਦਿਆਰਥੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਪੁਲਸ ਨੇ ਵਿਦਿਆਰਥੀਆਂ ਦੇ ਟੈਂਟ ਉਖਾੜ ਦਿੱਤੇ। ਕਈ ਵਿਦਿਆਰਥੀਆਂ ਨੂੰ ਕੱਢਣ ਦੀ ਚਿਤਾਵਨੀ ਵੀ ਦੇ ਦਿੱਤੀ ਗਈ। ਵਿਦਿਆਰਥੀ ਮੰਗ ਕਰ ਰਹੇ ਹਨ ਕਿ ਯੂਨੀਵਰਸਿਟੀਆਂ ਉਨ੍ਹਾਂ ਕੰਪਨੀਆਂ ਨਾਲੋਂ ਨਾਤਾ ਤੋੜਨ, ਜਿਹੜੀਆਂ ਇਜ਼ਰਾਈਲ ਨੂੰ ਮਾਲ ਵੇਚ ਕੇ ਲਾਭ ਕਮਾਉਦੀਆਂ ਹਨ। ਨਿਊ ਯਾਰਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਹਾ ਹੈ ਕਿ ਯੂਨੀਵਰਸਿਟੀ ਵਿਚ ਤੇਲ ਅਵੀਵ ਕੈਂਪਸ ਬੰਦ ਕੀਤਾ ਜਾਵੇ, ਕਿਉਕਿ ਇਸ ਵਿਚ ਫਲਸਤੀਨੀ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦਿੱਤਾ ਜਾਂਦਾ। ਯੇਲ ਵਿਚ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਇਜ਼ਰਾਈਲ ਲਈ ਫੌਜੀ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨਾਲ ਯੂਨੀਵਰਸਿਟੀ ਨਾਤਾ ਤੋੜੇ। ਦਰਅਸਲ ਅਮਰੀਕਾ ਵਿਚ ਯੂਨੀਵਰਸਿਟੀਆਂ ਨਿੱਜੀ ਕੰਪਨੀਆਂ ਦੇ ਧਨ ਨਾਲ ਹੀ ਚਲਦੀਆਂ ਹਨ।
ਅਮਰੀਕਾ ਵਿਚ ਮੁਜ਼ਾਹਰੇ ਕਰ ਰਹੇ ਵਿਦਿਆਰਥੀਆਂ ਨੂੰ ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ਦੀ ਵੀ ਹਮਾਇਤ ਹਾਸਲ ਹੋ ਰਹੀ ਹੈ। ਮਿਸਰ ਦੀ ਕਾਹਿਰਾ ਯੂਨੀਵਰਸਿਟੀ ਅਤੇ ਪੈਰਿਸ, ਸਿਡਨੀ ਤੇ ਆਸਟਰੇਲੀਆ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਮੁਜ਼ਾਹਰੇ ਸ਼ੁਰੂ ਹੋ ਗਏ ਹਨ। ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਨ੍ਹਾਂ ਮੁਜ਼ਾਹਰਿਆਂ ਤੋਂ ਏਨਾ ਖਫਾ ਹੈ ਕਿ ਉਸ ਨੇ ਅਮਰੀਕਾ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਪਿਛਲੀ 7 ਅਕਤੂਬਰ ਤੋਂ ਗਾਜ਼ਾ ਵਿਰੁੱਧ ਇਜ਼ਰਾਈਲੀ ਫੌਜੀ ਕਾਰਵਾਈ ਵਿਚ ਹੁਣ ਤੱਕ ਘੱਟੋ-ਘੱਟ 34262 ਫਲਸਤੀਨੀ ਮਾਰੇ ਜਾ ਚੁੱਕੇ ਹਨ। ਗਾਜ਼ਾ ਦੇ ਹਮਾਸ ਲੜਾਕਿਆਂ ਤੇ ਇਜ਼ਰਾਈਲ ਵਿਚਾਲੇ ਗੋਲੀਬੰਦੀ ਲਈ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਪਰ ਹਮਾਸ ਦਾ ਨਾਮੋ-ਨਿਸ਼ਾਨ ਮਿਟਾਉਣ ’ਤੇ ਤੁਲਿਆ ਇਜ਼ਰਾਈਲ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ। ਅਮਰੀਕਾ ਉੱਤੋਂ-ਉੱਤੋਂ ਉਸ ਨੂੰ ਸਮਝੌਤੇ ਲਈ ਕਹਿੰਦਾ ਹੈ, ਪਰ ਨਾਲ ਹੀ ਫੌਜੀ ਤੇ ਮਾਲੀ ਮਦਦ ਵੀ ਦੇਈ ਜਾ ਰਿਹਾ ਹੈ।

Related Articles

LEAVE A REPLY

Please enter your comment!
Please enter your name here

Latest Articles