ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਨੀਮ ਫੌਜੀ ਬਲਾਂ ਵਿਚ ਕੰਮ ਕਰਨ ਵਾਲੀਆਂ ਕੁਝ ਔਰਤਾਂ ਵੱਲੋਂ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਸੀ ਆਰ ਪੀ ਐੱਫ ਦੇ ਡੀ ਆਈ ਜੀ ਰੈਂਕ ਦੇ ਸਾਬਕਾ ਮੁੱਖ ਖੇਡ ਅਧਿਕਾਰੀ ਨੂੰ ਬਰਖਾਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਯੂ ਪੀ ਐੱਸ ਸੀ ਦੀ ਸਿਫਾਰਸ਼ ਨੂੰ ਸਵੀਕਾਰ ਕਰਨ ਤੋਂ ਬਾਅਦ ਡਿਪਟੀ ਇੰਸਪੈਕਟਰ ਜਨਰਲ ਖਜ਼ਾਨ ਸਿੰਘ ਨੂੰ ਬਰਖਾਸਤ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਅਧਿਕਾਰੀ ਤੋਂ 15 ਦਿਨਾਂ ਦੇ ਅੰਦਰ ਪ੍ਰਾਪਤ ਜਵਾਬ ਨੂੰ ਧਿਆਨ ਵਿਚ ਰੱਖ ਕੇ ਅੰਤਮ ਹੁਕਮ ਜਾਰੀ ਕੀਤੇ ਜਾਣਗੇ। ਇਸ ਸਮੇਂ ਮੁੰਬਈ ’ਚ ਤਾਇਨਾਤ ਖਜ਼ਾਨ ਸਿੰਘ ਨੇ ਇਸ ਮਾਮਲੇ ’ਤੇ ਕੋਈ ਟਿੱਪਣੀ ਨਹੀਂ ਕੀਤੀ। ਸੀ ਆਰ ਪੀ ਐੱਫ ਨੇ ਜਾਂਚ ’ਚ ਉਸ ਨੂੰ ਦੋਸ਼ੀ ਪਾਇਆ। ਸੀ ਆਰ ਪੀ ਐੱਫ ਹੈੱਡਕੁਆਰਟਰ ਨੇ ਅੰਦਰੂਨੀ ਕਮੇਟੀ ਵੱਲੋਂ ਤਿਆਰ ਕੀਤੀ ਜਾਂਚ ਰਿਪੋਰਟ ਨੂੰ ਸਵੀਕਾਰ ਕਰ ਲਿਆ ਅਤੇ ਅਨੁਸ਼ਾਸਨੀ ਕਾਰਵਾਈ ਕਰਨ ਲਈ ਇਸ ਨੂੰ ਯੂ ਪੀ ਐੱਸ ਸੀ ਅਤੇ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ। ਸੂਤਰਾਂ ਨੇ ਦੱਸਿਆ ਕਿ ਅਧਿਕਾਰੀ ਘੱਟੋ-ਘੱਟ ਦੋ ਅਜਿਹੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇੱਕ ਮਾਮਲੇ ’ਚ ਬਰਖਾਸਤਗੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਖਜ਼ਾਨ ਸਿੰਘ ਨੇ 1986 ਸਿਓਲ ਏਸ਼ੀਅਨ ਖੇਡਾਂ ’ਚ 200 ਮੀਟਰ ਬਟਰਫਲਾਈ ਈਵੈਂਟ ’ਚ ਚਾਂਦੀ ਦਾ ਤਮਗਾ ਜਿੱਤਿਆ, ਜੋ 1951 ਤੋਂ ਬਾਅਦ ਤੈਰਾਕੀ ’ਚ ਭਾਰਤ ਦਾ ਪਹਿਲਾ ਤਮਗਾ ਸੀ। ਉਸ ਨੇ ਪਹਿਲਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਅਤੇ ਕਿਹਾ ਸੀ ਕਿ ਜਿਨਸੀ ਸ਼ੋਸ਼ਣ ਦੇ ਦੋਸ਼ ਬਿਲਕੁਲ ਝੂਠੇ ਸਨ।