ਕੋਟਾ : ਸ਼ਹਿਰ ਦੇ ਕੁਨਹਾਰੀ ਇਲਾਕੇ ’ਚ ਲੈਂਡਮਾਰਕ ਸਿਟੀ ਦੇ ਹੋਸਟਲ ’ਚ 20 ਸਾਲਾ ਐੱਨ ਈ ਈ ਟੀ (ਨੀਟ) ਪ੍ਰੀਖਿਆਰਥੀ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਮਾਪਿਆਂ ਨੂੰ ਸ਼ੱਕ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਇਸ ਸਾਲ ਹੁਣ ਤੱਕ ਇਸ ਕੋਚਿੰਗ ਹੱਬ ’ਚ ਨੀਟ ਤੇ ਜੇ ਈ ਈ ਪ੍ਰੀਖਿਆਰਥੀਆਂ ਵੱਲੋਂ ਕਥਿਤ ਖੁਦਕੁਸ਼ੀਆਂ ਦਾ ਇਹ ਸੱਤਵਾਂ ਮਾਮਲਾ ਹੈ। ਪੁਲਸ ਨੇ ਦੱਸਿਆ ਕਿ ਸੁਮਿਤ ਪੰਚਾਲ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਸੀ ਅਤੇ ਇੱਕ ਸਾਲ ਤੋਂ ਇੱਥੇ ਕੋਚਿੰਗ ਇੰਸਟੀਚਿਊਟ ’ਚ ਨੀਟ ਦੀ ਤਿਆਰੀ ਕਰ ਰਿਹਾ ਸੀ। ਉਸ ਦੇ ਮਾਪਿਆਂ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਕੇਸ ਦਰਜ ਕਰਨ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਬੀਤੇ ਸਾਲ ਕੋਟਾ ’ਚ ਰਿਕਾਰਡ 26 ਵਿਦਿਆਰਥੀਆਂ ਨੇ ਖੁਦਕੁਸ਼ੀਆਂ ਕੀਤੀਆਂ ਸਨ।