ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਕਾਰਲ ਮਾਰਕਸ ਦੇ 206ਵੇਂ (5 ਮਈ 1818- 5 ਮਈ 2024) ਜਨਮ ਦਿਹਾੜੇ ’ਤੇ ਭਾਈ ਸੰਤੋਖ ਸਿੰਘ ‘ਕਿਰਤੀ’ ਭਾਸ਼ਣ ਲੜੀ ਤਹਿਤ ਹੋਣ ਵਾਲਾ ਵਿਚਾਰ-ਚਰਚਾ ਸਮਾਗਮ 5 ਮਈ ਦਿਨ ਐਤਵਾਰ ਨੂੰ ਸਵੇਰੇ ਠੀਕ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਕੀਤਾ ਜਾਏਗਾ।
ਇਸ ਵਿਚਾਰ-ਚਰਚਾ ਸਮਾਗਮ ’ਚ ਮੁੱਖ ਵਕਤਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਪਰਮਿੰਦਰ ਹੋਣਗੇ। ਡਾ. ਪਰਮਿੰਦਰ ‘ਅਜੋਕੀ ਸਮਾਜਿਕ ਸਥਿਤੀ ’ਚ ਮਾਰਕਸਵਾਦੀ ਪ੍ਰਸੰਗਕਤਾ ਅਤੇ ਦਿ੍ਰਸ਼ਟੀਕੋਨ’ ਵਿਸ਼ੇ ’ਤੇ ਆਪਣਾ ਭਾਸ਼ਣ ਕੇਂਦਰਤ ਕਰਨਗੇ। ਦੇਸ਼ ਭਗਤ ਯਾਦਗਾਰ ਕਮੇਟੀ ਦਾ ਵਿਚਾਰ ਹੈ ਕਿ ਮੁਲਕ ਦੀ ਅਜੋਕੀ ਹਾਲਤ ਅੰਦਰ ਜਦੋਂ ਵਿਗਿਆਨਕ ਸੋਚ ਨੂੰ ਦਰ-ਕਿਨਾਰ ਕਰਕੇ ਗੈਰ-ਵਿਗਿਆਨਕ, ਅੰਧ-ਵਿਸ਼ਵਾਸ ਅਤੇ ਕੂੜ ਦੇ ਅਡੰਬਰ ਖੜ੍ਹੇ ਕੀਤੇ ਜਾ ਰਹੇ ਹਨ, ਅਜਿਹੇ ਮੌਕੇ ਕਾਰਲ ਮਾਰਕਸ ਦੇ ਵਿਗਿਆਨਕ ਫਲਸਫ਼ੇ ਉਪਰ ਸੰਵਾਦ ਕਰਨਾ ਜ਼ਰੂਰੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਕਮੇਟੀ ਦੇ ਅਹੁਦੇਦਾਰਾਂ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਮੁੱਚੀ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਇਸ ਵਿਚਾਰ-ਚਰਚਾ ਵਿੱਚ ਸ਼ਿਰਕਤ ਕਰਨ ਦੀ ਸਮੂਹ ਚਿੰਤਕਾਂ ਅਤੇ ਲੋਕ ਸਰੋਕਾਰਾਂ ਨਾਲ ਜੁੜੀਆਂ ਸੰਸਥਾਵਾਂ, ਸ਼ਖ਼ਸੀਅਤਾਂ ਨੂੰ ਅਪੀਲ ਕੀਤੀ ਹੈ।