ਲੰਡਨ : ਆਪਣੀ 19 ਸਾਲਾ ਭਾਰਤੀ ਨਾਗਰਿਕ ਪਤਨੀ ਮਹਿਕ ਸ਼ਰਮਾ ਦੇ ਕਤਲ ਦੇ ਦੋਸ਼ੀ 24 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਦੀ ਮਿਆਦ 14 ਸਾਲ 187 ਦਿਨ ਹੋਵੇਗੀ। ਸਾਹਿਲ ਸ਼ਰਮਾ, ਜੋ ਭਾਰਤੀ ਨਾਗਰਿਕ ਵੀ ਹੈ, ਨੂੰ ਮਹਿਕ ਦੇ ਕਤਲ ਦੇ ਸ਼ੱਕ ’ਚ ਮੌਕੇ ਤੋਂ ਗਿ੍ਰਫਤਾਰ ਕੀਤਾ ਗਿਆ ਸੀ। ਮਹਿਕ ਜ਼ਖਮੀ ਹਾਲਤ ’ਚ ਘਰ ਅੰਦਰੋਂ ਮਿਲੀ ਸੀ। ਉਸ ’ਤੇ ਜ਼ਖਮ ਦੇ ਗੰਭੀਰ ਨਿਸ਼ਾਨ ਸਨ। ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਉਸ ਨੂੰ ਕਿੰਗਸਟਨ ਕਰਾਊਨ ਕੋਰਟ ਵਿਚ ਸਜ਼ਾ ਸੁਣਾਈ ਗਈ। ਕਾਦੀਆਂ ਨੇੜਲੇ ਪਿੰਡ ਜੋਗੀ ਚੀਮਾ ਦੇ ਵਸਨੀਕ ਤਰਲੋਕ ਚੰਦ ਦੀ ਪੁੱਤਰੀ ਮਹਿਕ ਸ਼ਰਮਾ ਦੀ 29 ਅਕਤੂਬਰ 2023 ਨੂੰ ਲੰਡਨ ’ਚ ਸਾਹਿਲ ਸ਼ਰਮਾ (24) ਨੇ ਹੱਤਿਆ ਕਰ ਦਿੱਤੀ ਸੀ। ਮਿ੍ਰਤਕਾ ਦੇ ਪਰਵਾਰ ਦੇ ਵਕੀਲ ਜੂਲੀਅਨ ਈਵਨ ਨੇ ਅਦਾਲਤ ਨੂੰ ਦੱਸਿਆ ਸੀ ਕਿ ਸਾਹਿਲ ਸ਼ਰਮਾ ਵਿਆਹ ਦੇ ਸ਼ੁਰੂ ਤੋਂ ਹੀ ਮਹਿਕ ਸ਼ਰਮਾ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰ ਰਿਹਾ ਸੀ। ਉਸ ਨੇ ਲੰਡਨ ਦੇ ਕ੍ਰੋਇਡਨ ’ਚ ਮਹਿਕ ਸ਼ਰਮਾ ਦੀ ਗਰਦਨ ’ਤੇ ਕਈ ਵਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਸਾਹਿਲ ਆਪਣੀ ਸਫਾਈ ਵਿਚ ਪਤਨੀ ਦੇ ਚਰਿੱਤਰ ਨੂੰ ਲੈ ਕੇ ਲਗਾਏ ਗਏ ਦੋਸ਼ਾਂ ਨੂੰ ਅਦਾਲਤ ’ਚ ਸਾਬਤ ਨਹੀਂ ਕਰ ਸਕਿਆ ਅਤੇ ਅਦਾਲਤ ਨੇ ਉਸ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਕਿੰਗਸਟਨ ਕ੍ਰਾਊਨ ਕੋਰਟ ਦੀ ਜੱਜ ਸਾਰਾਹ ਪਲਾਸਕਾ ਨੇ ਕਿਹਾ ਕਿ ਸਾਹਿਲ ਨੂੰ ਕਦੇ ਵੀ ਪੈਰੋਲ ਨਹੀਂ ਦਿੱਤੀ ਜਾਵੇਗੀ। ਉਸ ਨੂੰ ਲਾਇਸੈਂਸ ’ਤੇ ਆਪਣੀ ਜ਼ਿੰਦਗੀ ਬਤੀਤ ਕਰਨੀ ਪਵੇਗੀ।