ਮੁੰਬਈ : ਅਭਿਨੇਤਾ ਸਲਮਾਨ ਖਾਨ ਦੇ ਘਰ ’ਤੇ ਗੋਲੀਬਾਰੀ ਦੇ ਮਾਮਲੇ ’ਚ ਗਿ੍ਰਫਤਾਰ ਅਨੁਜ ਥਾਪਨ (23) ਨੇ ਪਖਾਨੇ ਅੰਦਰ ਬੈੱਡਸ਼ੀਟ ਨਾਲ ਫਾਹਾ ਲੈ ਲਿਆ। ਸਰਕਾਰੀ ਜੀ ਟੀ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਪਨ ਨੂੰ ਪੰਜਾਬ ਤੋਂ ਸੋਨੂੰ ਕੁਮਾਰ ਬਿਸ਼ਨੋਈ ਦੇ ਨਾਲ ਸ਼ੂਟਰ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਗਿਆ ਸੀ।
ਗੋਲਡੀ ਬਰਾੜ ਦਾ ਅਮਰੀਕਾ ’ਚ ਕਤਲ?
ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦੀ ਅਮਰੀਕਾ ’ਚ ਮੌਤ ਦੀ ਖਬਰ ਵਾਇਰਲ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੋਲਡੀ ਬਰਾੜ ਨੂੰ ਮੰਗਲਵਾਰ ਸ਼ਾਮ 5:25 ਵਜੇ ਅਮਰੀਕਾ ਦੇ ਫੇਅਰਮੌਂਟ ਅਤੇ ਹੋਲਟ ਐਵੇਨਿਊ ਵਿਚਾਲੇ ਗੋਲੀ ਮਾਰ ਦਿੱਤੀ ਗਈ। ਬਰਾੜ ਦੇ ਵਿਰੋਧੀ ਗੈਂਗਸਟਰ ਅਰਸ਼ ਡੱਲਾ ਅਤੇ ਲਖਬੀਰ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਨੇ ਫੇਸਬੁੱਕ ਪੋਸਟ ’ਚ ਕਿਹਾ ਸੀ-ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਸਚਿਨ ਬਿਸ਼ਨੋਈ ਧਤਾਰਾਂਵਾਲੀ, ਲਾਰੈਂਸ ਬਿਸ਼ਨੋਈ ਅਤੇ ਮੈਂ ਹਾਂ।
ਹਜ਼ਾਰਾਂ ਗ੍ਰਨੇਡ ਤੇ 37 ਮਿਜ਼ਾਈਲਾਂ ਚੋਰੀ
ਬੋਗੋਟਾ : ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਤਰੋ ਨੇ ਬੁੱਧਵਾਰ ਕਿਹਾ ਕਿ ਦੋ ਫੌਜੀ ਟਿਕਾਣਿਆਂ ਤੋਂ ਹਜ਼ਾਰਾਂ ਗ੍ਰੇਨੇਡ, ਗੋਲੀਆਂ ਅਤੇ 37 ਤੋਪਾਂ ਫੁੰਡਣ ਵਾਲੀਆਂ ਮਿਜ਼ਾਈਲਾਂ ਚੋਰੀ ਹੋ ਗਈਆਂ ਹਨ। ਇਨ੍ਹਾਂ ਫੌਜੀ ਟਿਕਾਣਿਆਂ ਵਿੱਚੋਂ ਇੱਕ ਦੇਸ਼ ਦੇ ਕੇਂਦਰੀ ਹਿੱਸੇ ’ਚ ਸਥਿਤ ਹੈ, ਜਦੋਂ ਕਿ ਦੂਜਾ ਕੈਰੇਬੀਅਨ ਤੱਟ ਦੇ ਨੇੜੇ ਸਥਿਤ ਹੈ। ਰਾਸ਼ਟਰਪਤੀ ਨੇ ਕਿਹਾ ਕਿ ਗੋਲਾ ਬਾਰੂਦ ਕੋਲੰਬੀਆ ਦੇ ਬਾਗੀ ਸੰਗਠਨਾਂ ਦੇ ਹੱਥਾਂ ’ਚ ਜਾ ਸਕਦਾ ਹੈ ਜਾਂ ਗੈਰ-ਕਾਨੂੰਨੀ ਤੌਰ ’ਤੇ ਹੂਤੀ ਵਿਦਰੋਹੀਆਂ ਸਮੇਤ ਦੂਜੇ ਦੇਸ਼ਾਂ ਦੇ ਗਰੁੱਪਾਂ ਨੂੰ ਵੇਚਿਆ ਗਿਆ ਹੈ।