ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਸੁਪਰੀਮ ਕੋਰਟ ਬਾਰ ਐਸੋਸੀਏਸਨ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੀ ਐਗਜ਼ੈਕਟਿਵ ਕਮੇਟੀ ’ਚ ਔਰਤਾਂ ਲਈ ਘੱਟੋ-ਘੱਟ ਇਕ-ਤਿਹਾਈ ਆਸਾਮੀਆਂ ਰਾਖਵੀਆਂ ਕਰੇ। ਜਸਟਿਸ ਸੂਰੀਆ ਕਾਂਤ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਆਉਣ ਵਾਲੀਆਂ 2024-25 ਦੀਆਂ ਚੋਣਾਂ ’ਚ ਖਜ਼ਾਨਚੀ ਦਾ ਅਹੁਦਾ ਔਰਤਾਂ ਲਈ ਰਾਖਵਾਂ ਹੋਵੇਗਾ। ਬੈਂਚ, ਜਿਸ ’ਚ ਜਸਟਿਸ ਕੇ ਵੀ ਵਿਸ਼ਵਨਾਥਨ ਵੀ ਸ਼ਾਮਲ ਹਨ, ਨੇ ਕਿਹਾ ਕਿ ਅਹੁਦੇਦਾਰਾਂ ਦਾ ਇੱਕ ਅਹੁਦਾ ਰੋਟੇਸ਼ਨ ਆਧਾਰ ’ਤੇ ਔਰਤਾਂ ਲਈ ਰਾਖਵਾਂ ਹੋਵੇਗਾ। ਬੈਂਚ ਨੇ ਸਪੱਸ਼ਟ ਕੀਤਾ ਕਿ ਸੁਪਰੀਮ ਕੋਰਟ ਵੱਲੋਂ ਜਾਰੀ ਨਿਰਦੇਸ਼ ਔਰਤਾਂ ਨੂੰ ਹੋਰ ਅਹੁਦਿਆਂ ’ਤੇ ਚੋਣ ਲੜਨ ਤੋਂ ਬਾਹਰ ਨਹੀਂ ਕਰਨਗੇ। ਅਹੁਦੇਦਾਰਾਂ ਵਿੱਚੋਂ ਇੱਕ ਅਹੁਦਾ, ਦੋ ਸੀਨੀਅਰ ਐਗਜ਼ੈਕਟਿਵ ਮੈਂਬਰ ਅਤੇ ਤਿੰਨ ਐਗਜ਼ੈਕਟਿਵ ਮੈਂਬਰ ਔਰਤਾਂ ਲਈ ਲਾਜ਼ਮੀ ਤੌਰ ’ਤੇ ਰਾਖਵੇਂ ਹੋਣਗੇ।




