ਲੋਕ ਸਭਾ ਦੇ 4 ਕਾਂਗਰਸੀ ਮੈਂਬਰ ਮੁਅੱਤਲ

0
292

ਨਵੀਂ ਦਿੱਲੀ : ਮਹਿੰਗਾਈ ਦੇ ਮੁੱਦੇ ‘ਤੇ ਸੋਮਵਾਰ ਜ਼ੋਰਦਾਰ ਪ੍ਰੋਟੈੱਸਟ ਦੌਰਾਨ ਲੋਕ ਸਭਾ ਦੇ ਚਾਰ ਕਾਂਗਰਸ ਮੈਂਬਰਾਂ ਨੂੰ ਰਹਿੰਦੇ ਅਜਲਾਸ ਤੱਕ ਲਈ ਮੁਅੱਤਲ ਕਰ ਦਿੱਤਾ ਗਿਆ | ਮਾਨਸੂਨ ਅਜਲਾਸ ਸ਼ੁਰੂ ਹੋਣ ਤੋਂ ਲੈ ਕੇ ਲਗਾਤਾਰ ਛੇਵੇਂ ਦਿਨ ਵੀ ਆਪੋਜ਼ੀਸ਼ਨ ਮੈਂਬਰ ਮਹਿੰਗਾਈ ‘ਤੇ ਬਹਿਸ ਦੀ ਮੰਗ ਕਰਦੇ ਰਹੇ | ਤਖਤੀਆਂ ਦਿਖਾਉਣ ਤੇ ਨਾਅਰੇਬਾਜ਼ੀ ਕਰਨ ‘ਤੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਉਨ੍ਹਾਂ ਵਿਰੁੱਧ ਮਤਾ ਰੱਖਿਆ ਤਾਂ ਉਸ ਵੇਲੇ ਸਦਨ ਚਲਾ ਰਹੇ ਰਜਿੰਦਰ ਅਗਰਵਾਲ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ | ਇਸ ਤੋਂ ਪਹਿਲਾਂ ਲੋਕ ਸਭਾ ਬਾਅਦ ਤਿੰਨ ਵਜੇ ਤੱਕ ਉਠਾਉਣੀ ਪਈ ਸੀ | ਉਦੋਂ ਸਪੀਕਰ ਓਮ ਪ੍ਰਕਾਸ਼ ਬਿਰਲਾ ਨੇ ਮੈਂਬਰਾਂ ਨੂੰ ਸਦਨ ਦੇ ਅੰਦਰ ਪ੍ਰਦਰਸ਼ਨ ਕਰਨ ਵਿਰੁੱਧ ਚਿਤਾਵਨੀ ਦਿੱਤੀ ਸੀ | ਉਨ੍ਹਾ ਕਿਹਾ—ਸਦਨ ਜਮਹੂਰੀਅਤ ਦਾ ਮੰਦਰ ਹੈ | ਸੰਸਦ ਭਵਨ ਕੰਪਲੈਕਸ ਵਿਚ ਤਖਤੀਆਂ ਲੈ ਕੇ ਪ੍ਰਦਰਸ਼ਨ ਕਰਨ ‘ਤੇ ਅਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕ ਲਾ ਦਿੱਤੀ ਗਈ ਸੀ | ਰੌਲਾ ਜਾਰੀ ਰਹਿਣ ‘ਤੇ ਸਦਨ ਚਲਾ ਰਹੇ ਰਜਿੰਦਰ ਅਗਰਵਾਲ ਨੇ ਕਾਂਗਰਸ ਦੇ ਮਣੀਕੱਮ ਟੈਗੋਰ, ਰਾਮਿਆ ਹਰੀਦਾਸ, ਜੋਤੀਮਣੀ ਤੇ ਟੀ ਐੱਨ ਪ੍ਰਥੱਪਨ ਨੂੰ ਰਹਿੰਦੇ ਅਜਲਾਸ ਲਈ ਮੁਅੱਤਲ ਕਰ ਦਿੱਤਾ, ਜਿਹੜੇ ਕਿ ਮਹਿੰਗਾਈ ਬਾਰੇ ਤਖਤੀਆਂ ਦਿਖਾ ਰਹੇ ਸਨ | ਬਾਅਦ ਵਿਚ ਮਣੀਕੱਮ ਟੈਗੋਰ ਨੇ ਕਿਹਾ—ਸਾਨੂੰ ਸੰਸਦ ਵਿਚ ਲੋਕਾਂ ਦੀ ਆਵਾਜ਼ ਚੁੱਕਣ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ | ਅਸੀਂ ਦੇਸ਼ ਦੇ ਲੋਕਾਂ ਲਈ ਸੰਘਰਸ਼ ਕਰਦੇ ਰਹਾਂਗੇ | ਸੰਸਦ ਵਿਚ ਸੌ ਗੱਲਾਂ ਨਹੀਂ ਕਰਨ ਦਿੱਤੀਆਂ ਜਾਂਦੀਆਂ, ਸਿਰਫ ਮੋਦੀ ਜੀ ਤੇ ਅਮਿਤ ਸ਼ਾਹ ਜੀ ਲਈ ਤਾੜੀਆਂ ਵਜਾਈਆਂ ਜਾਂਦੀਆਂ ਹਨ | ਅਸੀਂ ਰੋਜ਼ ਸੰਸਦ ਆਵਾਂਗੇ ਤੇ ਗਾਂਧੀ ਦੇ ਬੁੱਤ ਕੋਲ ਪ੍ਰੋਟੈੱਸਟ ਕਰਾਂਗੇ | ਆਪੋਜ਼ੀਸ਼ਨ ਨੋਟ ਪਸਾਰੇ ਤੇ ਐੱਲ ਪੀ ਜੀ ਦੀ ਕੀਮਤ ਵਿਚ ਵਾਧੇ ਵਿਰੁੱਧ ਪ੍ਰੋਟੈੱਸਟ ਕਰ ਰਹੀ ਹੈ | ਪਿਛਲੇ ਹਫਤੇ ਰਾਹੁਲ ਗਾਂਧੀ ਵੀ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਸੀ | ਸਪੀਕਰ ਦੇ ਐਕਸ਼ਨ ਤੋਂ ਬਾਅਦ ਕਾਂਗਰਸ ਤੇ ਭਾਜਪਾ ਵਿਚਾਲੇ ਟਕਰਾਅ ਹੋਰ ਵਧ ਸਕਦਾ ਹੈ ਤੇ ਸੰਸਦ ਚੱਲਣੀ ਮੁ ਸ਼ਕਲ ਹੋ ਸਕਦੀ ਹੈ |

LEAVE A REPLY

Please enter your comment!
Please enter your name here