ਨਵੀਂ ਦਿੱਲੀ : ਸੀ ਬੀ ਆਈ ਨੇ 100 ਕਰੋੜ ਰੁਪਏ ਵਿਚ ਰਾਜ ਸਭਾ ਦੀ ਸੀਟ ਦਿਵਾਉਣ ਅਤੇ ਰਾਜਪਾਲ ਬਣਾਉਣ ਦਾ ਵਾਅਦਾ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗਿ੍ਫਤਾਰ ਕੀਤਾ ਹੈ | ਸੀ ਬੀ ਆਈ ਕਈ ਦਿਨਾਂ ਤੋਂ ਇਨ੍ਹਾਂ ਦੇ ਫੋਨ ਟੈਪ ਕਰ ਰਹੀ ਸੀ ਤੇ ਸੌਦਾ ਫਾਈਨਲ ਹੋਣ ਤੋਂ ਪਹਿਲਾਂ ਇਨ੍ਹਾਂ ਨੂੰ ਕਾਬੂ ਕਰ ਲਿਆ | ਇਨ੍ਹਾਂ ਦੀ ਪਛਾਣ ਮਹਾਰਾਸ਼ਟਰ ਦੇ ਕਮਲਾਕਰ ਪ੍ਰੇਮ ਕੁਮਾਰ ਬਾਂਦਗਰ, ਕਰਨਾਟਕ ਦੇ ਰਵਿੰਦਰ ਵਿੱਠਲ ਨਾਈਕ, ਦਿੱਲੀ ਦੇ ਮਹਿੰਦਰ ਪਾਲ ਅਰੋੜਾ ਤੇ ਅਭਿਸ਼ੇਕ ਬੂਰਾ ਵਜੋਂ ਹੋਈ ਹੈ |
ਉਧਰ ਮੁੰਬਈ ਵਿਚ ਭਾਜਪਾ ਦੇ ਇਕ ਵਿਧਾਇਕ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿਵਾਉਣ ਦੇ ਬਦਲੇ 100 ਕਰੋੜ ਮੰਗਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ | ਪੁਲਸ ਦੀ ਕਰਾਈਮ ਬਰਾਂਚ ਦੇ ਐਂਟੀ ਐਕਸਟਾਰਸ਼ਨ ਸੈੱਲ ਨੇ ਇਸ ਮਾਮਲੇ ਵਿਚ ਚਾਰ ਲੋਕਾਂ ਨੂੰ ਗਿ੍ਫਤਾਰ ਕੀਤਾ ਹੈ | ਇਨ੍ਹਾਂ ਨੇ ਤਿੰਨ ਤੋਂ ਚਾਰ ਵਿਧਾਇਕਾਂ ਅੱਗੇ ਇਹ ਪੇਸ਼ਕਸ਼ ਰੱਖੀ ਸੀ | ਫੜੇ ਜਾਣ ਵਾਲਿਆਂ ਵਿਚ ਕੋਲਹਾਪੁਰ ਜ਼ਿਲ੍ਹੇ ਦੇ ਹਾਟਕਨਾਗਲੇ ਦਾ ਰਿਆਜ਼ ਅੱਲ੍ਹਾਬਖਸ਼ ਸ਼ੇਖ, ਠਾਣੇ ਦਾ ਯੋਗੇਸ਼ ਮਧੁਕਰ ਕੁਲਕਰਣੀ, ਮੁੰਬਈ ਦੇ ਨਾਗਪਾੜਾ ਦਾ ਸਾਗਰ ਵਿਕਾਸ ਸੰਗਵਈ ਤੇ ਜ਼ਫਰ ਅਹਿਮਦ ਰਾਸ਼ਿਦ ਅਹਿਮਦ ਉਸਮਾਨੀ ਸ਼ਾਮਲ ਹਨ | ਪੁਲਸ ਨੇ ਕਿਹਾ ਕਿ ਵਿਧਾਇਕ ਦੇ ਨਿੱਜੀ ਸਕੱਤਰ ਮੁਤਾਬਕ ਉਸ ਕੋਲ 17 ਜੁਲਾਈ ਨੂੰ ਲੱਗਭੱਗ 12 ਵੱਜ ਕੇ 12 ਮਿੰਟ ‘ਤੇ ਰਿਆਜ਼ ਦਾ ਫੋਨ ਆਇਆ ਸੀ | ਪੁਲਸ ਇਹ ਵੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਹੋਰ ਕਿੰਨੇ ਵਿਧਾਇਕਾਂ ਦੇ ਸੰਪਰਕ ਵਿਚ ਸਨ ਤੇ ਕਿੰਨੇ ਲੋਕਾਂ ਤੋਂ ਪੈਸੇ ਲੈ ਚੁੱਕੇ ਸਨ |