32.2 C
Jalandhar
Saturday, May 18, 2024
spot_img

ਕਾਮਰੇਡ ਅਤੁਲ ਕੁਮਾਰ ਅਨਜਾਨ ਨਹੀਂ ਰਹੇ

ਸ਼ਾਹਕੋਟ (ਗਿਆਨ ਸੈਦਪੁਰੀ)-ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਸਕੱਤਰ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਕਾਮਰੇਡ ਅਤੁਲ ਕੁਮਾਰ ਅਨਜਾਨ ਨੇ ਲਖਨਊ ਦੇ ਇੱਕ ਹਸਪਤਾਲ ਵਿੱਚ ਸ਼ੱੁਕਰਵਾਰ ਤੜਕੇ 3:40 ਵਜੇ ਆਖਰੀ ਸਾਹ ਲਏ | 70 ਸਾਲਾ ਕਾਮਰੇਡ ਅਨਜਾਨ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਲਖਨਊ ਦੇ ਇੱਕ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ |
ਕਾਮਰੇਡ ਅਨਜਾਨ ਦੇ ਪਿਤਾ ਡਾ ਏ ਪੀ ਸਿੰਘ ਅਜ਼ਾਦੀ ਘੁਲਾਟੀਏ ਸਨ | ਉਨ੍ਹਾ ਨੂੰ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਬਦਲੇ ਲੰਮਾ ਸਮਾਂ ਬਰਤਾਨੀਆ ਦੀ ਜੇਲ੍ਹ ਵਿੱਚ ਰਹਿਣਾ ਪਿਆ | 20 ਸਾਲ ਦੀ ਉਮਰ ਵਿੱਚ ਅਨਜਾਨ ਲਖਨਊ ਦੇ ਨੈਸ਼ਨਲ ਕਾਲਜ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਚੁਣੇ ਗਏ | ਕਾਮਰੇਡ 6 ਭਾਸ਼ਾਵਾਂ ਦੇ ਵਧੀਆ ਬੁਲਾਰੇ ਸਨ | ਉਹ ਯੂਨੀਵਰਸਿਟੀ ਦੀ ਪੜ੍ਹਾਈ ਦੇ ਦਿਨਾਂ ਵਿੱਚ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ |
ਕਾਮਰੇਡ ਅਨਜਾਨ ਆਪਣੇ ਸਿਆਸੀ ਸਫਰ ਦੌਰਾਨ ਚਾਰ ਸਾਲ ਨੌਂ ਮਹੀਨੇ ਜੇਲ੍ਹ ਵਿੱਚ ਰਹੇ | ਉਹ 1979 ਵਿੱਚ ਲੁਧਿਆਣਾ ਵਿੱਚ ਹੋਈ ਕਾਨਫਰੰਸ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸਨ ਦੇ ਪ੍ਰਧਾਨ ਚੁਣੇ ਗਏ | 1985 ਤੱਕ ਉਹ ਇਸ ਅਹੁਦੇ ‘ਤੇ ਰਹੇ | ਉਹ ਜਵਾਨੀ ‘ਚ ਸੀ ਪੀ ਆਈ ਵਿੱਚ ਸ਼ਾਮਲ ਹੋਏ ਅਤੇ ਆਖਰੀ ਸਾਹ ਉਨ੍ਹਾ ਇਸੇ ਪਾਰਟੀ ‘ਚ ਹੁੰਦਿਆਂ ਲਿਆ | 1989 ਵਿੱਚ 14ਵੀਂ ਕਲਕੱਤਾ ਪਾਰਟੀ ਕਾਂਗਰਸ ਵਿੱਚ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਚੁਣੇ ਗਏ | 1992 ਵਿੱਚ ਹੈਦਰਾਬਾਦ ਵਿਖੇ ਹੋਈ 15ਵੀਂ ਪਾਰਟੀ ਕਾਂਗਰਸ ਵਿੱਚ ਉਹ ਕੌਮੀ ਸਕੱਤਰੇਤ ਦੇ ਮੈਂਬਰ ਚੁਣੇ ਗਏ | 1997 ਵਿੱਚ ਤਿਰਸੂਰ ਵਿੱਚ ਹੋਈ ਨੈਸ਼ਨਲ ਕਾਨਫਰੰਸ ਵਿੱਚ ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਬਣੇ | ਇਸੇ ਅਹੁਦੇ ਲਈ ਉਹ 2001, 2006, 2010 ਅਤੇ 2016 ਵਿੱਚ ਚੁਣੇ ਜਾਂਦੇ ਰਹੇ |
ਉਹ ਕਿਸਾਨੀ ਨੂੰ ਸਮਰਪਿਤ ਸਨ | ਸਵਾਮੀਨਾਥਨ ਕਮਿਸ਼ਨ ਵਿੱਚ ਇੱਕੋ-ਇੱਕ ਕਿਸਾਨ ਮੈਂਬਰ ਸਨ | ਇਸ ਕਮਿਸ਼ਨ ਨੇ ਜਿਣਸਾਂ ਦਾ ਘੱਟੋ-ਘੱਟ ਸਮਰਥਨ ਮੁੱਲ ਅਤੇ ਹੋਰ ਕਈ ਸਿਫਾਰਸ਼ਾਂ ਕੀਤੀਆਂ ਸਨ |
ਕਾਮਰੇਡ ਅਨਜਾਨ ਨੇ ਵਿਦਿਆਰਥੀ, ਕਿਸਾਨੀ ਅਤੇ ਪਾਰਟੀ ਦੀ ਉਸਾਰੀ ਲਈ ਮਹੱਤਵਪੂਰਨ ਯੋਗਦਾਨ ਪਾਇਆ | ਉਹ ਸੱਜ-ਪਿਛਾਖੜੀ ਫਾਸ਼ੀਵਾਦੀ ਤਾਕਤਾਂ ਵਿਰੁੱਧ ਲੜਨ ਵਾਲੇ ਜੰਗਜੂ ਸਨ | ਕਾਮਰੇਡ ਅਨਜਾਨ ਦੇ ਕੁਵੇਲੇ ਤੁਰ ਜਾਣ ਨਾਲ ਦੇਸ਼ ਵਿੱਚ ਮੌਜੂਦਾ ਪ੍ਰਸਥਿਤੀਆਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਅਤੇ ਕਿਸਾਨ ਸੰਘਰਸ਼ ਨੂੰ ਵੱਡਾ ਘਾਟਾ ਪਿਆ ਹੈ | ਸੀ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਸਮੇਤ ਪਾਰਟੀ ਦੀ ਸਮੁੱਚੀ ਕੇਂਦਰੀ ਲੀਡਰਸ਼ਿਪ ਨੇ ਕਾਮਰੇਡ ਅਤੁਲ ਅਨਜਾਨ ਨੂੰ ਸਤਿਕਾਰ ਤੇ ਸ਼ਰਧਾਂਜਲੀ ਭੇਟ ਕਰਦਿਆਂ ਪਾਰਟੀ ਕੇਡਰ ਅਤੇ ਸਮਰਥਕਾਂ ਨੂੰ ਸੱਦਾ ਦਿੱਤਾ ਕਿ ਉਨ੍ਹਾ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਹਰ ਸ਼ੋਸ਼ਣ ਅਤੇ ਵਿਤਕਰੇ ਰਹਿਤ ਨਵਾਂ ਭਾਰਤ ਸਿਰਜਣ ਲਈ ਸੰਘਰਸ਼ ਵਿੱਚ ਅੱਗੇ ਆਉਣ | ਕੁਲ ਹਿੰਦ ਕਿਸਾਨ ਸਭਾ ਪੰਜਾਬ ਇਕਾਈ ਦੇ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਲਖਬੀਰ ਸਿੰਘ ਨਿਜ਼ਾਮਪੁਰ, ਸੂਰਤ ਸਿੰਘ ਧਰਮਕੋਟ, ਬਲਕਰਨ ਸਿੰਘ ਬਰਾੜ, ਭੁਪਿੰਦਰ ਸਿੰਘ ਮੌਲਵੀਵਾਲਾ ਨੇ ਕਾਮਰੇਡ ਅਨਜਾਨ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸਾਨ ਸਭਾ ਇੱਕ ਮਹਾਨ ਆਗੂ ਤੋਂ ਵਿਰਵੀ ਹੋ ਗਈ ਹੈ | ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਕਿਹਾ ਕਿ ਕਾਮਰੇਡ ਅਨਜਾਨ ਗਤੀਸ਼ੀਲ, ਪ੍ਰਭਾਵਸ਼ਾਲੀ ਬੁਲਾਰੇ, ਚੰਗੇ ਬਹਿਸ ਕਰਤਾ ਅਤੇ ਕਿਸਾਨੀ ਮਸਲਿਆਂ ‘ਤੇ ਭਰਪੂਰ ਸਮਝ ਰੱਖਣ ਵਾਲੇ ਸਨ | ਉਹ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੇ ਏਕੇ ਦੇ ਮੱੁਦਈ ਸਨ |
ਲੁਧਿਆਣਾ (ਐੱਮ ਐੱਸ ਭਾਟੀਆ) : ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਨੇ ਕਾਮਰੇਡ ਅਤੁਲ ਕੁਮਾਰ ਅਨਜਾਨ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਾਰਟੀ ਉਹਨਾ ਦੇ ਸਮੁੱਚੇ ਪਰਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੈ |

Related Articles

LEAVE A REPLY

Please enter your comment!
Please enter your name here

Latest Articles