ਭੁਬਨੇਸ਼ਵਰ : ਓਡੀਸ਼ਾ ਦੇ ਪੁਰੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਸੁਚਰਿਤਾ ਮੋਹੰਤੀ ਨੇ ਇਹ ਦੋਸ਼ ਲਾਉਂਦਿਆਂ ਆਪਣੀ ਟਿਕਟ ਵਾਪਸ ਕਰ ਦਿੱਤੀ ਹੈ ਕਿ ਪਾਰਟੀ ਨੇ ਉਸ ਨੂੰ ਫੰਡ ਦੇਣ ਤੋਂ ਇਨਕਾਰ ਕੀਤਾ ਹੈ। ਉਸ ਨੇ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਕੁਝ ਸੀਟਾਂ ’ਤੇ ਜਿੱਤਣ ਯੋਗ ਉਮੀਦਵਾਰ ਨਹੀਂ ਹਨ। ਇਸ ਦੀ ਬਜਾਏ ਕੁਝ ਕਮਜ਼ੋਰ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ।
ਪਾਰਟੀ ਦੇ ਕੌਮੀ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੂੰ ਲਿਖੇ ਪੱਤਰ ’ਚ ਮੋਹੰਤੀ ਨੇ ਦਾਅਵਾ ਕੀਤਾ ਕਿ ਪੁਰੀ ਹਲਕੇ ’ਚ ਉਨ੍ਹਾ ਦੀ ਮੁਹਿੰਮ ਫੰਡਾਂ ਦੀ ਘਾਟ ਕਾਰਨ ਡੁੱਬ ਰਹੀ ਹੈ। ਕਾਂਗਰਸ ਦੇ ਓਡੀਸ਼ਾ ਦੇ ਇੰਚਾਰਜ ਡਾ. ਅਜੋਏ ਕੁਮਾਰ ਨੇ ਕਿਹਾ ਹੈ ਕਿ ਫੰਡਾਂ ਦਾ ਕੋਈ ਮਾਮਲਾ ਨਹੀਂ। ਉਨ੍ਹਾ ਦੋ ਮਈ ਨੂੰ ਹਾਈਕਮਾਨ ਨੂੰ ਪੁਰੀ ਸਮੇਤ ਕੁਝ ਹਲਕਿਆਂ ਦੇ ਉਮੀਦਵਾਰ ਬਦਲਣ ਲਈ ਲਿਖਿਆ ਸੀ ਤੇ ਮੋਹੰਤੀ ਨੂੰ ਇਸ ਦਾ ਪਤਾ ਸੀ। ਇਸ ਕਰਕੇ ਉਨ੍ਹਾ ਟਿਕਟ ਵਾਪਸੀ ਦਾ ਬਿਆਨ ਦਾਗ ਦਿੱਤਾ। ਪੁਰੀ ਹਲਕੇ ਵਿਚ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖਰੀ ਤਰੀਕ 6 ਮਈ ਹੈ ਤੇ ਵੋਟਾਂ 25 ਮਈ ਨੂੰ ਪੈਣੀਆਂ ਹਨ। ਇੱਥੇ ਭਾਜਪਾ ਨੇ ਆਪਣੇ ਕੌਮੀ ਬੁਲਾਰੇ ਸੰਬਿਤ ਪਾਤਰਾ ਤੇ ਬੀਜੂ ਜਨਤਾ ਦਲ ਨੇ ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਅਰੁਪ ਪਟਨਾਇਕ ਨੂੰ ਖੜ੍ਹਾ ਕੀਤਾ ਹੈ।



