ਭਾਜਪਾ ਦਾ ਨਾਰੀ ਸਤਿਕਾਰ

0
212

ਭਾਜਪਾ ਨੇ ਯੂ ਪੀ ਦੇ ਕੈਸਰਗੰਜ ਲੋਕ ਸਭਾ ਹਲਕੇ ਤੋਂ ਕਰਨ ਭੂਸ਼ਣ ਸਿੰਘ ਨੂੰ ਵੀਰਵਾਰ ਆਪਣਾ ਉਮੀਦਵਾਰ ਐਲਾਨਿਆ | ਕਰਨ ਮੌਜੂਦਾ ਭਾਜਪਾ ਸਾਂਸਦ ਬਿ੍ਜ ਭੂਸ਼ਣ ਸ਼ਰਣ ਸਿੰਘ ਦਾ ਛੋਟਾ ਬੇਟਾ ਹੈ | ਭਾਜਪਾ ਨੂੰ ਬਿ੍ਜ ਭੂਸ਼ਣ ਦੀ ਟਿਕਟ ਇਸ ਕਰਕੇ ਕੱਟਣੀ ਪਈ, ਕਿਉਂਕਿ ਉਸ ‘ਤੇ ਮਹਿਲਾ ਭਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਹੈ | ਉਸ ਵਿਰੁੱਧ ਭਲਵਾਨਾਂ ਨੇ ਤਕੜਾ ਅੰਦੋਲਨ ਵੀ ਚਲਾਇਆ | ਜਿਨ੍ਹਾਂ ਮਹਿਲਾ ਭਲਵਾਨਾਂ ਨੂੰ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਵਿੱਚੋਂ ਬਹੁਤੀਆਂ ਹਰਿਆਣਾ ਦੀਆਂ ਹਨ, ਜਿੱਥੋਂ ਦੀਆਂ 10 ਲੋਕ ਸਭਾ ਸੀਟਾਂ ਲਈ ਅਜੇ ਵੋਟਾਂ ਪੈਣੀਆਂ ਹਨ | ਭਾਜਪਾ ਨੇ ਕਰਨ ਨੂੰ ਟਿਕਟ ਦੇਣ ਦਾ ਫੈਸਲਾ ਐਨ ਅੰਤਲੇ ਛਿਣਾਂ ਵਿਚ ਕੀਤਾ | ਕੈਸਰਗੰਜ ਵਿਚ ਵੋਟਾਂ ਪੰਜਵੇਂ ਗੇੜ ਵਿਚ 20 ਮਈ ਨੂੰ ਪੈਣੀਆਂ ਹਨ | ਹਾਲਾਂਕਿ ਪ੍ਰਧਾਨ ਮੰਤਰੀ ਨਾਰੀ ਸ਼ਕਤੀ ਦੇ ਸਨਮਾਨ ਦੀਆਂ ਬਹੁਤ ਡੀਂਗਾਂ ਮਾਰਦੇ ਹਨ, ਪਰ ਸੱਤਾ ਨਾਲ ਚਿੰਬੜ ਰਹਿਣ ਖਾਤਰ ਉਨ੍ਹਾ ਦੀ ਪਾਰਟੀ ਨੇ ਟਿਕਟ ਬਿ੍ਜ ਭੂਸ਼ਣ ਦੇ ਪਰਵਾਰ ਦੀ ਥਾਂ ਕਿਸੇ ਹੋਰ ਨੂੰ ਨਹੀਂ ਦਿੱਤੀ | ਛੇ ਵਾਰ ਤੋਂ ਸਾਂਸਦ ਬਿ੍ਜ ਭੂਸ਼ਣ ਦਬੰਗ ਨੇਤਾ ਮੰਨਿਆ ਜਾਂਦਾ ਹੈ ਤੇ ਉਸ ਦਾ ਪੂਰਬੀ ਯੂ ਪੀ ਦੀਆਂ ਘੱਟੋ-ਘੱਟ 6 ਸੀਟਾਂ ‘ਤੇ ਦਬਦਬਾ ਮੰਨਿਆ ਜਾਂਦਾ ਹੈ | ਇਸੇ ਕਰਕੇ ਭਾਜਪਾ ਨੇ ਉਸ ਦੇ ਬੇਟੇ ਨੂੰ ਟਿਕਟ ਦੇ ਕੇ ਉਸ ਦਾ ‘ਮਾਣ’ ਰੱਖਿਆ ਹੈ |
ਬਿ੍ਜ ਭੂਸ਼ਣ ਵਿਰੁੱਧ ਮਹਿਲਾ ਭਲਵਾਨਾਂ ਨਾਲ ਰਲ ਕੇ ਅੰਦੋਲਨ ਚਲਾਉਣ ਵਾਲੇ ਨਾਮੀ ਭਲਵਾਨ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਭਾਜਪਾ ਨੇ ਕਰਨ ਨੂੰ ਟਿਕਟ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਉਸ ਨੂੰ ਮਹਿਲਾਵਾਂ ਦੀ ਸੁਰੱਖਿਆ ਦੀ ਕੋਈ ਪ੍ਰਵਾਹ ਨਹੀਂ ਅਤੇ ਪਰਵਾਰਵਾਦ ਦਾ ਉਸ ਵਿਚ ਵੀ ਬੋਲਬਾਲਾ ਹੈ | ਕਿੰਨੀ ਸ਼ਰਮ ਦੀ ਗੱਲ ਹੈ ਕਿ ਭਾਜਪਾ ਉਸ ਵਿਅਕਤੀ ਦੀ ਪਿੱਠ ‘ਤੇ ਹੈ, ਜਿਸ ਨੇ ਦੇੇਸ਼ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਹੱਥ ਪਾਇਆ | ਬੇਟੇ ਨੂੰ ਟਿਕਟ ਦੇਣਾ ਪਿਓ ਨੂੰ ਟਿਕਟ ਦੇਣ ਦੇ ਬਰਾਬਰ ਹੈ | ਤਾਕਤ ਪਿਓ ਕੋਲ ਹੀ ਰਹੇਗੀ, ਬੇਟਾ ਤਾਂ ਡੰਮੀ ਹੈ | ਮਹਿਲਾ ਭਲਵਾਨਾਂ ਦਾ ਸ਼ੋਸ਼ਣ ਜਾਰੀ ਰਹੇਗਾ | ਇਹੀ ਭਾਜਪਾ ਦਾ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦਾ ਨਾਅਰਾ ਹੈ | ਜੇ ਸਰਕਾਰ ਬਿ੍ਜ ਭੂਸ਼ਣ ਦੀ ਲਗਾਤਾਰ ਹਮਾਇਤ ਜਾਰੀ ਰੱਖੇਗੀ ਤਾਂ ਉਸ ਨੂੰ ਕੌਣ ਹਰਾ ਸਕਦਾ ਹੈ |
ਇਹ ਪਹਿਲੀ ਵਾਰ ਨਹੀਂ ਕਿ ਕਰਨ ਨੇ ਪਿਓ ਦੀ ਥਾਂ ਲਈ ਹੈ | ਇਸ ਸਾਲ ਫਰਵਰੀ ਵਿਚ ਉਹ ਯੂ ਪੀ ਕੁਸ਼ਤੀ ਐਸੋਸੀਏਸ਼ਨ ਦਾ ਪ੍ਰਧਾਨ ਬਣਿਆ | ਦੋਸ਼ ਲੱਗਣ ਤੋਂ ਪਹਿਲਾਂ ਬਿ੍ਜ ਭੂਸ਼ਣ ਇਸ ਅਹੁਦੇ ‘ਤੇ 12 ਸਾਲ ਤੋਂ ਕਾਬਜ਼ ਸੀ | ਪਿੱਛੇ ਜਿਹੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਵਿਚ ਭਾਜਪਾ ਨੇ ਬਿ੍ਜ ਭੂਸ਼ਣ ਨੂੰ ਸ਼ਰਮ ਦੇ ਮਾਰੇ ਚੋਣ ਨਾ ਲੜਨ ਲਈ ਮਨਾਇਆ, ਪਰ ਜਿਹੜਾ ਨਵਾਂ ਪ੍ਰਧਾਨ ਸੰਜੇ ਸਿੰਘ ਬਣਿਆ, ਉਹ ਉਸ ਦਾ ਹੀ ਬੰਦਾ ਹੈ |

LEAVE A REPLY

Please enter your comment!
Please enter your name here