ਭਾਰਤ ’ਤੇ ਕੈਨੇਡੀਅਨ ਚੋਣਾਂ ’ਚ ਦਖਲ ਦਾ ਦੋਸ਼

0
198

ਓਟਾਵਾ : ਕੈਨੇਡਾ ਦੀ ਇਕ ਸਰਕਾਰੀ ਜਾਂਚ ਏਜੰਸੀ ਮੁਤਾਬਕ ਭਾਰਤੀ ਅਧਿਕਾਰੀਆਂ ਤੇ ਕੈਨੇਡਾ ਅਧਾਰਤ ਉਸ ਦੇ ਬੰਦਿਆਂ ਨੇ ਕੈਨੇਡੀਅਨ ਚੋਣਾਂ ਨੂੰ ਪ੍ਰਭਾਵਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਇਨ੍ਹਾਂ ਨੇ ਖਾਸਕਰ ਕੈਨੇਡਾ ਵਿਚ ਖਾਲਿਸਤਾਨੀ ਵੱਖਵਾਦੀਆਂ ਤੇ ਹੋਰ ਮੁੱਦਿਆਂ ’ਤੇ ਕੈਨੇਡੀਅਨ ਭਾਈਚਾਰਿਆਂ ਤੇ ਸਿਆਸਤਦਾਨਾਂ ਨੂੰ ਆਪਣੇ ਨਾਲ ਕਰਨ ਲਈ ਜ਼ੋਰ ਲਾਇਆ।
ਅਜ਼ਾਦਾਨਾ ਜਨਤਕ ਜਾਂਚ ਦੀ ਅਗਵਾਈ ਕਰਨ ਵਾਲੇ ਕਮਿਸ਼ਨਰ ਮੈਰੀ ਜੋਸੀ ਹੋਗ ਨੇ ਆਪਣੀ ਅੰਤਰਮ ਰਿਪੋਰਟ ਵਿਚ ਕਿਹਾ ਕਿ ਕੈਨੇਡਾ ਦੀਆਂ 2019 ਤੇ 2021 ਦੀਆਂ ਆਮ ਚੋਣਾਂ ਵਿਚ ਵਿਦੇਸ਼ੀ ਦਖਲ ਦੇ ਸਬੂਤ ਮਿਲੇ ਹਨ, ਪਰ ਵੋਟਰਾਂ ’ਤੇ ਇਸ ਦਾ ਪ੍ਰਭਾਵ ਨਹੀਂ ਪਿਆ। ਭਾਰਤ ਅਜਿਹੇ ਦੋਸ਼ਾਂ ਨੂੰ ਪਹਿਲਾਂ ਹੀ ਰੱਦ ਕਰ ਚੁੱਕਾ ਹੈ ਤੇ ਉਹ ਕਹਿ ਚੁੱਕਾ ਹੈ ਕਿ ਕੈਨੇਡਾ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦਿੰਦਾ ਰਿਹਾ ਹੈ।
ਸ਼ੁੱਕਰਵਾਰ ਨੂੰ ਪ੍ਰਕਾਸ਼ਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਮਾਮਲਿਆਂ ਵਿਚ ਸਭ ਤੋਂ ਵੱਧ ਚੀਨ ਨੇ ਦਖਲ ਦਿੱਤਾ। ਉਸ ਨੇ ਸਰਕਾਰੀ ਅਧਿਕਾਰੀਆਂ, ਸਿਆਸੀ ਜਥੇਬੰਦੀਆਂ, ਉਮੀਦਵਾਰਾਂ ਤੇ ਇੱਥੇ ਰਹਿੰਦੇ ਬਾਹਰਲੇ ਲੋਕਾਂ ਨੂੰ ਪ੍ਰਭਾਵਤ ਕਰਨ ਦੀਆਂ ਸਰਗਰਮ ਕੋਸ਼ਿਸ਼ਾਂ ਕੀਤੀਆਂ। ਰਿਪੋਰਟ ਮੁਤਾਬਕ ਭਾਰਤ ਇਸ ਕਰਕੇ ਦਖਲ ਦਿੰਦਾ ਰਿਹਾ, ਕਿਉਕਿ ਉਹ ਸਮਝਦਾ ਹੈ ਕਿ ਇੱਥੇ ਰਹਿੰਦੇ ਦੱਖਣੀ ਏਸ਼ੀਆਈ ਲੋਕ ਭਾਰਤ-ਵਿਰੋਧੀ ਸੁਰਾਂ ਕੱਢਦੇ ਹਨ, ਜੋ ਕਿ ਉਸ ਦੀ ਸਥਿਰਤਾ ਤੇ ਕੌਮੀ ਸੁਰੱਖਿਆ ਲਈ ਖਤਰਾ ਹਨ। ਭਾਰਤ ਸਮਝਦਾ ਹੈ ਕਿ ਜਿਹੜਾ ਵੀ ਖਾਲਿਸਤਾਨੀ ਵੱਖਵਾਦ ਨਾਲ ਜੁੜਿਆ ਹੋਇਆ ਹੈ, ਉਹ ਉਸ ਲਈ ਖਤਰਾ ਹੈ। 194 ਸਫਿਆਂ ਦੀ ਰਿਪੋਰਟ ਵਿਚ ਭਾਰਤ ਦਾ 43 ਵਾਰ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਰੂਸ, ਪਾਕਿਸਤਾਨ ਤੇ ਈਰਾਨ ਵੀ ਕੈਨੇਡਾ ਦੇ ਮਾਮਲਿਆਂ ਵਿਚ ਦਖਲ ਦਿੰਦੇ ਰਹੇ ਹਨ।

LEAVE A REPLY

Please enter your comment!
Please enter your name here