ਨਵੀਂ ਦਿੱਲੀ : ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਸ਼ਨੀਵਾਰ ਇਥੇ ਭਾਜਪਾ ’ਚ ਸ਼ਾਮਲ ਹੋ ਗਏ। ਲਵਲੀ ਦੇ ਨਾਲ ਕਾਂਗਰਸ ਨੇਤਾ ਰਾਜ ਕੁਮਾਰ ਚੌਹਾਨ, ਅਮਿਤ ਮਲਿਕ, ਤਿੰਨ ਵਾਰ ਵਿਧਾਇਕ ਰਹੇ ਨਸੀਬ ਸਿੰਘ ਤੇ ਨੀਰਜ ਬੈਸਯਾ ਵੀ ਭਾਜਪਾ ’ਚ ਰਲ ਗਏ। ਇਸ ਮੌਕੇ ਲਵਲੀ ਨੇ ਕਿਹਾਮੈਨੂੰ ਪੂਰੀ ਉਮੀਦ ਹੈ ਕਿ ਦੇਸ਼ ਵਿਚ ਪ੍ਰਚੰਡ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣੇਗੀ। ਭਾਜਪਾ ਦਾ ਪਰਚਮ ਦਿੱਲੀ ਵਿਚ ਵੀ ਲਹਿਰਾਏਗਾ। ਲਵਲੀ ਨੇ ਪਿਛਲੇ ਦਿਨੀਂ ਦਿੱਲੀ ’ਚ ਲੋਕ ਸਭਾ ਚੋਣਾਂ ਲਈ ਆਪ ਨਾਲ ਗੱਠਜੋੜ ਦਾ ਵਿਰੋਧ ਕਰਦਿਆਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ, ਪਰ ਨਾਲ ਹੀ ਕਿਹਾ ਸੀ ਕਿ ਉਨ੍ਹਾ ਪ੍ਰਧਾਨਗੀ ਛੱਡੀ ਹੈ, ਕਾਂਗਰਸ ਨਹੀਂ। ਉਹ ਕਨੱ੍ਹਈਆ ਕੁਮਾਰ ਨੂੰ ਉੱਤਰ-ਪੂਰਬੀ ਦਿੱਲੀ ਤੇ ਉਦਿਤ ਰਾਜ ਨੂੰ ਉੱਤਰ-ਪੱਛਮੀ ਦਿੱਲੀ ਤੋਂ ਕਾਂਗਰਸ ਉਮੀਦਵਾਰ ਬਣਾਉਣ ਤੋਂ ਔਖੇ ਸਨ। ਲਵਲੀ, ਜਿਹੜੇ ਸ਼ੀਲਾ ਦੀਕਸ਼ਿਤ ਦੀ ਸਰਕਾਰ ਵੇਲੇ ਮੰਤਰੀ ਰਹੇ, 18 ਅਪ੍ਰੈਲ 2017 ’ਚ ਵੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ ਤੇ 10 ਮਹੀਨਿਆਂ ਬਾਅਦ 17 ਫਰਵਰੀ 2018 ਨੂੰ ਪਰਤ ਆਏ ਸਨ। ਕਾਂਗਰਸ ਨੇ ਉਨ੍ਹਾ ਨੂੰ 31 ਅਗਸਤ 2023 ਨੂੰ ਪ੍ਰਧਾਨਗੀ ਵੀ ਸੌਂਪ ਦਿੱਤੀ ਸੀ।





