ਖਡੂਰ ਸਾਹਿਬ : ਸੀ ਪੀ ਆਈ ਤੇ ਸੀ ਪੀ ਆਈ (ਐੱਮ) ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਂਝੇ ਉਮੀਦਵਾਰ ਗੁਰਦਿਆਲ ਸਿੰਘ ਖਡੂਰ ਸਾਹਿਬ ਦੀ ਚੋਣ ਮੁਹਿੰਮ ਸਿਖਰਾਂ ਵੱਲ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਅਤੇ ਉਮੀਦਵਾਰ ਗੁਰਦਿਆਲ ਸਿੰਘ ਨੇ ਖਡੂਰ ਸਾਹਿਬ ਵਿਖੇ ਨਰੇਗਾ ਕਾਮਿਆਂ ਦੀ ਮੀਟਿੰਗ ਨੂੰ ਸੰਬੋਧਨ ਦੌਰਾਨ ਕੀਤਾ। ਉਹਨਾਂ ਕਿਹਾ ਕਿ ਭਾਜਪਾ, ਅਕਾਲੀ, ਕਾਂਗਰਸ ਅਤੇ ਵਾਅਦਿਆਂ ਤੋਂ ਮੁੱਕਰੀ ਆਪ ਸਰਕਾਰ ਨੂੰ ਹਰਾਉਣਾ ਅਤਿ ਜ਼ਰੂਰੀ ਹੈ। ਮਾੜੀਮੇਘਾ ਨੇ ਕਿਹਾ ਕਿ ਆਪਾਂ ਪਹਿਲਾਂ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਦੀ ਲੁੱਟ ਵੀ ਵੇਖ ਚੁੱਕੇ ਹਾਂ। ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਇਕੱਲਾ ਲੋਕਾਂ ਨੂੰ ਲੁੱਟਿਆ ਹੀ ਨਹੀਂ, ਸਗੋਂ ਕੁੱਟਿਆ ਵੀ ਹੈ। ਜੇ ਗੁਰਦਿਆਲ ਸਿੰਘ ਚੋਣ ਜਿੱਤ ਜਾਂਦਾ ਹੈ ਤਾਂ ਉਹ ਨਰੇਗਾ ਕੰਮ ਸਾਰਾ ਸਾਲ ਕਰਨ ਵਾਸਤੇ ਕਾਨੂੰਨ ਬਣਾਉਣ ਦਾ ਸੰਘਰਸ਼ ਅਤੇ ਕੰਮ ਦਿਹਾੜੀ 1000 ਰੁਪਏ ਕਰਾਉਣ ਦੀ ਲੜਾਈ ਪਾਰਲੀਮੈਂਟ ਦੇ ਅੰਦਰ ਲੜੇਗਾ। ਇਸ ਤੋਂ ਇਲਾਵਾ ਪਾਕਿਸਤਾਨ ਨਾਲ ਵਪਾਰ ਕਰਨ ਵਾਸਤੇ ਖਾਲੜਾ ਤੇ ਖੇਮਕਰਨ ਬਾਰਡਰ ਖੋਲ੍ਹਣ ਲਈ ਜ਼ੋਰ ਲਾਵੇਗਾ। ਮੀਟਿੰਗ ਵਿੱਚ ਕੁਲਵੰਤ ਸਿੰਘ ਪੰਚਾਇਤ ਮੈਂਬਰ, ਜਸਵੰਤ ਸਿੰਘ, ਜੱਗਾ ਸਿੰਘ ਖਡੂਰ ਸਾਹਿਬ ਅਤੇ ਜਗੀਰ ਸਿੰਘ ਭਰੋਵਾਲ ਵੀ ਹਾਜ਼ਰ ਸਨ।





