ਸ਼ਾਹਕੋਟ (ਗਿਆਨ ਸੈਦਪੁਰੀ)
ਸ਼ੁੱਕਰਵਾਰ ਸ਼ਾਮ ਲੋਕ ਸਭਾ ਚੋਣ ਦੇ ਪ੍ਰਚਾਰ ਦੌਰਾਨ ਸਥਾਨਕ ਰਾਮਗੜ੍ਹੀਆ ਚੌਕ ਵਿੱਚ ਪਹਿਲੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਵੱਲੋਂ ਰਾਮ ਮੰਦਰ ਜਾਂ ਰਾਮ ਦੇ ਨਾਂਅ ’ਤੇ ਰਾਜਨੀਤੀ ਕਰਕੇ ਮੁਲਕ ਅੰਦਰ ਫਿਰਕੂ ਜ਼ਹਿਰ ਫੈਲਾਉਣ ਦਾ ਦੋਸ਼ ਲਾਇਆ।
ਰਾਣਾ ਗੁਰਜੀਤ ਸਿੰਘ ਤੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਸਟੇਜ ’ਤੇ ਮੌਜੂਦਗੀ ਦੇ ਹਵਾਲੇ ਨਾਲ ਵਿਸ਼ਾਲ ਇਕੱਠ ਵੱਲ ਇਸ਼ਾਰਾ ਕਰਦਿਆ ਚੰਨੀ ਨੇ ਕਿਹਾ ਕਿ ਇਹ ਰਾਣਾ ਤੇ ਸ਼ੇਰੋਵਾਲੀਆ ਦਾ ਹਲਕੇ ਦੇ ਲੋਕਾਂ ਨਾਲ ਪਿਆਰ ਦਰਸਾਉਦਾ ਹੈ। ਉਨ੍ਹਾ ਕਿਹਾ ਕਿ ਮੈਨੂੰ ਵਰਕਰਜ਼ ਮੀਟਿੰਗ ਬਾਰੇ ਦੱਸਿਆ ਗਿਆ ਸੀ, ਪਰ ਮੇਰੇ ਸਾਹਮਣੇ ਲੋਕਾਂ ਦਾ ਹੜ੍ਹ ਦਿਸ ਰਿਹਾ ਹੈ। ਚੰਨੀ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਕਿਹਾ, ‘ਯਾਰ ਕਿਆ ਵਰਕਰ ਏਨੇ ਹੁੰਦੇ ਆ।’
ਦਲ-ਬਦਲੂਆ ’ਤੇ ਕਟਾਖਸ਼ ਕਰਦਿਆਂ ਚੰਨੀ ਨੇ ਕਿਹਾ ਕਿ ਇਨ੍ਹਾਂ ਸਵੇਰ, ਦੁਪਹਿਰ ਤੇ ਰਾਤ ਦੇ ਵੱਖ-ਵੱਖ ਰੇਟਾਂ ’ਤੇ ਆਪਣੇ ਆਪ ਨੂੰ ਸੇਲ ’ਤੇ ਲਾਇਆ ਹੋਇਆ ਹੈ।
ਸਾਬਕਾ ਐੱਮ ਪੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜਲੰਧਰ ਤੋਂ ਕਦੇ ਸਵਰਨ ਸਿੰਘ ਵਰਗੇ ਵੱਡੇ ਆਗੂ ਚੋਣ ਲੜਦੇ ਰਹੇ ਹਨ। ਬੜੇ ਅਰਸੇ ਬਾਅਦ ਜਲੰਧਰ ਨੂੰ ਚੰਨੀ ਵਰਗਾ ਕੱਦਾਵਰ ਉਮੀਦਵਾਰ ਨਸੀਬ ਹੋਇਆ ਹੈ।
ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੂਰੇ ਦੇਸ਼ ਨੂੰ ਵੇਚ ਦੇਣ ਦਾ ਤਹੱਈਆ ਕੀਤਾ ਹੋਇਆ ਲੱਗਦਾ ਹੈ। ਉਨ੍ਹਾ ਚੰਨੀ ਦੇ ਐੱਮ ਪੀ ਬਣਨ ਤੋਂ ਬਾਅਦ ਉਨ੍ਹਾ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਗੱਲ ਕੀਤੀ ਤਾਂ ਚੰਨੀ ਹੁਰੀਂ ਉਠ ਕੇ ਮਾਇਕ ਅੱਗੇ ਆ ਕੇ ਕਹਿਣ ਲੱਗੇ ਕਿ ਉਸ ਵੇਲੇ ‘ਤੇਰੇ ਮੂਹਰੇ ਥਾਨ ਸੁੱਟਿਆ ਭਾਵੇਂ..’ ਵਾਲੀ ਸਥਿਤੀ ਹੋਵੇਗੀ। ਚੋਣ ਇਕੱਠ ਨੂੰ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਮਾਰਕਿਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਗੁਲਜ਼ਾਰ ਸਿੰਘ ਥਿੰਦ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਪਵਨ ਕੁਮਾਰ ਪੁਰੀ, ਰਾਮਗੜ੍ਹੀਆ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਤਰਲੋਕ ਸਿੰਘ ਰੂਪਰਾ ਆਦਿ ਨੇ ਸੰਬੋਧਨ ਕੀਤਾ।





