ਨਿੱਝਰ ਕਾਂਡ ’ਚ ਫੜੇ ਮੁੰਡਿਆਂ ਦੀਆਂ ਤਸਵੀਰਾਂ ਜਾਰੀ

0
221

ਓਟਾਵਾ : ਕੈਨੇਡਾ ’ਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਤਿੰਨ ਭਾਰਤੀ ਨਾਗਰਿਕਾਂ ਨੂੰ ਗਿ੍ਰਫਤਾਰ ਕਰਨ ਵਾਲੇ ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਹਾਲੇ ਖਤਮ ਨਹੀਂ ਹੋਈ ਅਤੇ ਇਸ ਕਤਲ ’ਚ ‘ਹੋਰਾਂ ’ ਨੇ ਭੂਮਿਕਾ ਨਿਭਾਈ ਹੈ। ਐਡਮਿੰਟਨ ਦੇ ਰਹਿਣ ਵਾਲੇ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ’ਤੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ ਲਾਏ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗਿ੍ਰਫਤਾਰ ਕੀਤੇ ਵਿਅਕਤੀ ਇਕ ਕਥਿਤ ਸਮੂਹ ਦੇ ਮੈਂਬਰ ਹਨ, ਜਿਸ ਨੂੰ ਭਾਰਤ ਸਰਕਾਰ ਨੇ ਪਿਛਲੇ ਸਾਲ ਨਿੱਝਰ ਦੀ ਹੱਤਿਆ ਦਾ ਕੰਮ ਸੌਂਪਿਆ ਸੀ। ਨਿੱਝਰ (45) ਦੀ 18 ਜੂਨ 2023 ਨੂੰ ਬਿ੍ਰਟਿਸ਼ ਕੋਲੰਬੀਆ ਦੇ ਸਰੀ ’ਚ ਗੁਰਦੁਆਰੇ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ। ਨਿੱਝਰ ਕੈਨੇਡਾ ਦਾ ਨਾਗਰਿਕ ਸੀ। ‘ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ’ (ਆਈ ਐੱਚ ਆਈ ਟੀ) ਦੇ ਇੰਚਾਰਜ ਸੁਪਰਡੈਂਟ ਮਨਦੀਪ ਮੂਕਰ ਨੇ ਕਿਹਾਜਾਂਚ ਇੱਥੇ ਖਤਮ ਨਹੀਂ ਹੁੰਦੀ। ਸਾਨੂੰ ਪਤਾ ਹੈ ਕਿ ਇਸ ਕਤਲ ’ਚ ਕੁਝ ਹੋਰ ਲੋਕਾਂ ਦੀ ਵੀ ਅਹਿਮ ਭੂਮਿਕਾ ਹੈ ਅਤੇ ਅਸੀਂ ਹਰ ਇੱਕ ਦੀ ਪਛਾਣ ਕਰਕੇ ਉਨ੍ਹਾਂ ਨੂੰ ਗਿ੍ਰਫਤਾਰ ਕਰਾਂਗੇ।
ਕੈਨੇਡੀਅਨ ਪੁਲਸ ਵੱਲੋਂ ਗਿ੍ਰਫਤਾਰ ਕੀਤੇ ਤਿੰਨ ਪੰਜਾਬੀ ਨੌਜਵਾਨਾਂ ਬਾਰੇ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਦਾ ਪਿਤਾ ਪੰਜਾਬ ਦੇ ਉਸ ਕਿਸਾਨ ਗਰੁੱਪ ਨਾਲ ਸੰਬੰਧਤ ਹੈ, ਜਿਸ ਦੇ ਆਗੂਆਂ ਖਿਲਾਫ ਲਾਲ ਕਿਲ੍ਹੇ ’ਚ ਹਿੰਸਾ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਨੌਜਵਾਨ ਦਾ ਨਾਂਅ ਕਰਨਪ੍ਰੀਤ ਸਿੰਘ ਹੈ, ਜੋ ਬਟਾਲਾ ਨੇੜਲੇ ਪਿੰਡ ਘਣੀਏ ਕੇ ਬਾਂਗਰ ਦਾ ਰਹਿਣ ਵਾਲਾ ਹੈ। ਪੰਜਾਬ ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਉਸ ਦਾ ਪਿਤਾ ਸੁਖਦੇਵ ਸਿੰਘ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਹੈ ਅਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੇ ਗਰੁੱਪ ਦਾ ਮੈਂਬਰ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਇਸ ਗੱਲ ਦੀ ਪੁਸਟੀ ਨਹੀਂ ਕਰ ਸਕਦੇ ਕਿ ਸੁਖਦੇਵ ਸਿੰਘ ਉਨ੍ਹਾ ਦੀ ਜਥੇਬੰਦੀ ਦਾ ਮੈਂਬਰ ਹੈ ਜਾਂ ਨਹੀਂ। ਉਨ੍ਹਾ ਕਿਹਾ ਕਿ ਜਥੇਬੰਦੀ ਦੀ ਪਿੰਡ ਘਣੀਏ ਕੇ ਬਾਂਗਰ ’ਚ ਕਿਸਾਨ ਕਮੇਟੀ ਨਹੀਂ ਹੈ। ਕਰਨਪ੍ਰੀਤ ਦੇ ਤਿੰਨ ਸਾਲ ਪਹਿਲਾਂ ਕੈਨੇਡਾ ਜਾਣ ਤੋਂ ਪਹਿਲਾਂ ਦੋਵੇਂ ਪਿਓ-ਪੁੱਤ ਦੁਬਈ ’ਚ ਟਰੱਕ ਡਰਾਈਵਰ ਸਨ। ਕਰਨ ਬਰਾੜ ਕੋਟਕਪੂਰਾ ਨਾਲ ਸੰਬੰਧਤ ਹੈ ਅਤੇ ਉਸ ਦੇ ਪਿਤਾ ਮਨਦੀਪ ਸਿੰਘ ਬਰਾੜ ਦੀ ਕਰੀਬ ਦੋ ਹਫਤੇ ਪਹਿਲਾਂ ਜੱਦੀ ਘਰ ਵਿਖੇ ਮੌਤ ਹੋ ਗਈ ਸੀ। ਉਹ ਧੋਖਾਧੜੀ ਦੇ ਕੇਸ ਦਾ ਸਾਹਮਣਾ ਕਰ ਰਿਹਾ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਕਰਨ ਦੀ ਮਾਂ ਰਮਨ ਬਰਾੜ ਸਿੰਗਾਪੁਰ ’ਚ ਰਹਿੰਦੀ ਹੈ ਅਤੇ ਇਸ ਸਮੇਂ ਆਪਣੇ ਪਤੀ ਦੀ ਅੰਤਮ ਅਰਦਾਸ ਅਤੇ ਹੋਰ ਰਸਮਾਂ ਲਈ ਪੰਜਾਬ ’ਚ ਹੈ। ਪੁਲਸ ਨੇ ਦੱਸਿਆ ਕਿ ਤੀਜੇ ਨੌਜਵਾਨ ਕਮਲਪ੍ਰੀਤ ਸਿੰਘ ਦੇ ਪਿਛੋਕੜ ਦਾ ਪਤਾ ਲਾਇਆ ਜਾ ਰਿਹਾ ਹੈ। ਇਸੇ ਦੌਰਾਨ ਕੈਨੇਡਾ ਦੇ ਵੱਡੇ ਸਿੱਖ ਨੇਤਾ ਜਗਮੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਨਿੱਝਰ ਦਾ ਕਤਲ ਭਾਰਤ ਨੇ ਕਰਵਾਇਆ ਹੈ। ਜਗਮੀਤ ਸਿੰਘ ਪਹਿਲਾਂ ਵੀ ਭਾਰਤ ’ਤੇ ਦੋਸ਼ ਲਗਾ ਚੁੱਕੇ ਹਨ। ਇਕ ਪਾਸੇ ਜਗਮੀਤ ਸਿੰਘ ਭਾਰਤ ’ਤੇ ਦੋਸ਼ ਲਗਾ ਰਹੇ ਹਨ, ਜਦਕਿ ਦੂਜੇ ਪਾਸੇ ਕੈਨੇਡਾ ਦੀ ਪੁਲਸ ਹਾਲੇ ਤੱਕ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ, ਜਿਸ ਤੋਂ ਪਤਾ ਲੱਗਦਾ ਹੋਵੇ ਕਿ ਨਿੱਝਰ ਦੇ ਕਤਲ ’ਚ ਭਾਰਤ ਦਾ ਹੱਥ ਹੈ।
ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਪੋਸਟ ’ਚ ਜਗਮੀਤ ਸਿੰਘ ਨੇ ਲਿਖਿਆਭਾਰਤ ਸਰਕਾਰ ਨੇ ਕਾਤਲਾਂ ਦੀ ਮਦਦ ਨਾਲ ਕੈਨੇਡੀਅਨ ਨਾਗਰਿਕ ਦਾ ਕੈਨੇਡਾ ਦੀ ਧਰਤੀ ’ਤੇ ਕਤਲ ਕਰਵਾ ਦਿੱਤਾ, ਉਹ ਵੀ ਧਾਰਮਕ ਸਥਾਨ ’ਤੇ। ਅੱਜ ਇਸ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜੇ ਕੋਈ ਭਾਰਤੀ ਏਜੰਟ ਜਾਂ ਭਾਰਤ ਸਰਕਾਰ ਦਾ ਵਿਅਕਤੀ ਇਸ ਮਾਮਲੇ ’ਚ ਸ਼ਾਮਲ ਹੋਇਆ ਤਾਂ ਉਸ ਵਿਰੁੱਧ ਕੈਨੇਡਾ ਦੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ। ਨਿੱਝਰ ਨੂੰ ਕੈਨੇਡਾ ’ਚ ਜਮਹੂਰੀਅਤ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਇਨਸਾਫ ਮਿਲਣਾ ਜ਼ਰੂਰੀ ਹੈ।

LEAVE A REPLY

Please enter your comment!
Please enter your name here