ਕੈਨੇਡਾ ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ : ਟਰੂਡੋ

0
115

ਟੋਰਾਂਟੋ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਹੇਠ ਤਿੰਨ ਭਾਰਤੀ ਨਾਗਰਿਕਾਂ ਦੀ ਗਿ੍ਰਫਤਾਰੀ ਤੋਂ ਇਕ ਦਿਨ ਬਾਅਦ ਕਿਹਾ ਕਿ ਕੈਨੇਡਾ ‘ਕਾਨੂੰਨ ਦੇ ਸ਼ਾਸਨ ਵਾਲਾ ਦੇਸ਼’ ਹੈ ਅਤੇ ਇੱਥੇ ਇਕ ਮਜ਼ਬੂਤ ਤੇ ਸੁਤੰਤਰ ਨਿਆਂ ਪ੍ਰਣਾਲੀ ਹੈ ਤੇ ਆਪਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਲਈ ਬੁਨਿਆਦੀ ਵਚਨਬੱਧਤਾ ਹੈ। ਕੈਨੇਡਾ ਦੇ ਨਾਗਰਿਕ ਨਿੱਝਰ ਦੀ 18 ਜੂਨ 2023 ਨੂੰ ਬਿ੍ਰਟਿਸ਼ ਕੋਲੰਬੀਆ ਦੇ ਸਰੀ ’ਚ ਇਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਐਡਮਿੰਟਨ ’ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਨੂੰ ਹੱਤਿਆ ਅਤੇ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ’ਚ ਸ਼ੁੱਕਰਵਾਰ ਗਿ੍ਰਫਤਾਰ ਕੀਤਾ ਗਿਆ ਸੀ।
ਗੱਡੀ ਅੱਧਾ ਘੰਟਾ ਹਰੀ ਝੰਡੀ ਉਡੀਕਦੀ ਰਹੀ
ਨਵੀਂ ਦਿੱਲੀ : ਸਟੇਸ਼ਨ ਮਾਸਟਰ ਦੇ ਡਿਊਟੀ ਦੌਰਾਨ ਸੌਂ ਜਾਣ ਕਰਕੇ ਯੂ ਪੀ ਦੇ ਇਟਾਵਾ ਕੋਲ ਉਦੀ ਮੋੜ ਰੇਲਵੇ ਸਟੇਸ਼ਨ ’ਤੇ ਪਟਨਾ-ਕੋਟਾ ਐਕਸਪ੍ਰੈੱਸ ਕਰੀਬ ਅੱਧਾ ਘੰਟਾ ਹਰੀ ਝੰਡੀ ਦੀ ਉਡੀਕ ਕਰਦੀ ਰਹੀ। ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਗਰਾ ਰੇਲਵੇ ਮੰਡਲ ਨੇ ਸਟੇਸ਼ਨ ਮਾਸਟਰ ਨੂੰ ਇਸ ਲਾਪ੍ਰਵਾਹੀ ਦਾ ਕਾਰਨ ਦੱਸਣ ਨੂੰ ਕਿਹਾ ਹੈ, ਜਿਸ ਦੇ ਨਤੀਜੇ ਵਜੋਂ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਸੀ।
ਭਾਜਪਾ ਪ੍ਰਧਾਨ ਨੱਢਾ ਖਿਲਾਫ ਚੋਣ ਕਮਿਸ਼ਨ ਕੋਲ ਸ਼ਿਕਾਇਤ
ਬੇਂਗਲੁਰੂ : ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਨੇ ਐਤਵਾਰ ਚੋਣ ਕਮਿਸ਼ਨ ਕੋਲ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਅਤੇ ਹੋਰ ਸੀਨੀਅਰ ਆਗੂਆਂ ਦੀ ਸ਼ਿਕਾਇਤ ਕਰਦਿਆਂ ਕਾਰਵਾਈ ਕਰਨ ਦੀ ਮੰਗ ਕੀਤੀ। ਕਾਂਗਰਸ ਨੇ ਭਾਜਪਾ ਆਗੂਆਂ ਖਿਲਾਫ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ। ਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇਕ ਵੀਡੀਓ ਪਾਈ ਹੈ, ਜਿਸ ਰਾਹੀਂ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਦੇ ਲੋਕਾਂ ਨੂੰ ਇਕ ਵਿਸ਼ੇਸ਼ ਉਮੀਦਵਾਰ ਨੂੰ ਵੋਟ ਨਾ ਪਾਉਣ ਲਈ ਡਰਾਇਆ-ਧਮਕਾਇਆ ਜਾ ਰਿਹਾ ਹੈ। ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਨੂੰ ਦਿੱਤੀ ਸ਼ਿਕਾਇਤ ’ਚ ਕਾਂਗਰਸ ਨੇ ਕਰਨਾਟਕ ਭਾਜਪਾ ਦੇ ਅਧਿਕਾਰਤ ‘ਐਕਸ’ ਅਕਾਊਂਟ ਤੋਂ ਪਾਈ ਗਈ ਇਸ ਵੀਡੀਓ ਦਾ ਜ਼ਿਕਰ ਕੀਤਾ ਹੈ।

LEAVE A REPLY

Please enter your comment!
Please enter your name here