ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਮਕਬੂਜ਼ਾ ਕਸ਼ਮੀਰ ’ਤੇ ਆਪਣਾ ਦਾਅਵਾ ਕਦੇ ਨਹੀਂ ਛੱਡੇਗਾ, ਪਰ ਇਸ ਨੂੰ ਤਾਕਤ ਦੇ ਜ਼ੋਰ ’ਤੇ ਆਪਣੇ ਕਬਜ਼ੇ ’ਚ ਲੈਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਲੋਕ ਕਸ਼ਮੀਰ ’ਚ ਵਿਕਾਸ ਦੇਖਣ ਤੋਂ ਬਾਅਦ ਖੁਦ ਇਸ ’ਚ ਸ਼ਾਮਲ ਹੋਣਾ ਚਾਹੁੰਣਗੇ। ਉਨ੍ਹਾ ਇਕ ਖਬਰ ਏਜੰਸੀ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਜੰਮੂ-ਕਸ਼ਮੀਰ ’ਚ ਜ਼ਮੀਨੀ ਹਾਲਾਤ ’ਚ ਕਾਫੀ ਸੁਧਾਰ ਹੋਇਆ ਹੈ ਅਤੇ ਇਕ ਸਮਾਂ ਅਜਿਹਾ ਆਵੇਗਾ ਜਦੋਂ ਕੇਂਦਰ ਸ਼ਾਸਤ ਪ੍ਰਦੇਸ਼ ’ਚ ਅਫਸਪਾ (ਹਥਿਆਰਬੰਦ ਬਲ ਵਿਸ਼ੇਸ਼ ਸ਼ਕਤੀਆਂ ਐਕਟ) ਦੀ ਲੋੜ ਨਹੀਂ ਹੋਵੇਗੀ। ਉਨ੍ਹਾ ਜ਼ੋਰ ਦੇ ਕੇ ਕਿਹਾ-ਮਕਬੂਜ਼ਾ ਕਸ਼ਮੀਰ ਸਾਡਾ ਸੀ, ਸਾਡਾ ਰਹੇਗਾ। ਇਸ ਦੇ ਨਾਲ ਹੀ ਉਨ੍ਹਾ ਕਿਹਾ ਕਿ ਭਾਜਪਾ ਸਰਕਾਰ ਕਦੇ ਵੀ ਸੰਵਿਧਾਨ ਨਹੀਂ ਬਦਲੇਗੀ ਅਤੇ ਨਾ ਹੀ ਰਾਖਵਾਂਕਰਨ ਖਤਮ ਕਰੇਗੀ। ਉਨ੍ਹਾ ਕਾਂਗਰਸ ’ਤੇ ਡਰ ਪੈਦਾ ਕਰਨ ਅਤੇ ਵੋਟ ਬੈਂਕ ਦੀ ਰਾਜਨੀਤੀ ਕਰਨ ਲਈ ਗਲਤ ਸੂਚਨਾ ਫੈਲਾਉਣ ਦਾ ਦੋਸ਼ ਲਗਾਇਆ। ਰੱਖਿਆ ਮੰਤਰੀ ਨੇ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ’ਚ ਕੋਈ ‘ਅੱਗ’ ਨਹੀਂ ਹੈ, ਜਦਕਿ ਉਨ੍ਹਾਂ ਦੀ ਪਾਰਟੀ ਚੋਣਾਂ ’ਚ ਫਾਇਦੇ ਵਾਸਤੇ ਹਿੰਦੂ-ਮੁਸਲਮਾਨ ਨੂੰ ਵੰਡਣ ਦੀ ਕੋਸ਼ਿਸ਼ ਕਰਕੇ ਅੱਗ ਨਾਲ ਖੇਡ ਰਹੀ ਹੈ।


