ਫਰੀਦਕੋਟ (ਗੁਰਪ੍ਰੀਤ ਸਿੰਘ ਬੇਦੀ, ਐਲਿਗਜੈਂਡਰ ਡਿਸੂਜਾ)
ਭਾਰਤੀ ਕਮਿਊਨਿਸਟ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਨਾਲ ਸੰਬੰਧਤ ਚਾਰ ਜ਼ਿਲ੍ਹਿਆਂ ਦੀ ਸਾਂਝੀ ਮੀਟਿੰਗ ਪਾਰਟੀ ਦੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ (ਭਲੂਰ) ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਦੇ ਮਕਸਦ ਨਾਲ ਮੋਗਾ ਜ਼ਿਲ੍ਹੇ ਦੇ ਪਾਰਟੀ ਸਕੱਤਰ ਕੁਲਦੀਪ ਸਿੰਘ ਭੋਲਾ ਦੀ ਪ੍ਰਧਾਨਗੀ ਹੇਠ ‘ਸ਼ਹੀਦ ਕਾਮਰੇਡ ਅਮੋਲਕ ਭਵਨ’ ਫਰੀਦਕੋਟ ਵਿੱਚ ਹੋਈ। ਮੀਟਿੰਗ ਵਿੱਚ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਹਰਦੇਵ ਅਰਸ਼ੀ ਸਾਬਕਾ ਵਿਧਾਇਕ ਅਤੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਤੋਂ ਇਲਾਵਾ ਫਰੀਦਕੋਟ, ਬਠਿੰਡਾ ਅਤੇ ਮੁਕਤਸਰ ਜ਼ਿਲ੍ਹਿਆਂ ਦੇ ਸਕੱਤਰ ਕ੍ਰਮਵਾਰ ਅਸ਼ੋਕ ਕੌਸ਼ਲ, ਬਲਕਰਨ ਸਿੰਘ ਬਰਾੜ ਅਤੇ ਹਰਲਾਭ ਸਿੰਘ ਵੀ ਸ਼ਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੰਤ ਬਰਾੜ ਨੇ ਕਿਹਾ ਕਿ ਮੌਜੂਦਾ ਲੋਕ ਸਭਾ ਚੋਣਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੋਟਾਂ ਦਾ ਧਰੁਵੀਕਰਨ ਕਰਨ ਦੀ ਮੰਦ ਭਾਵਨਾ ਨਾਲ ਦੇਸ਼ ਦੀ ਸਭ ਤੋਂ ਵੱਡੀ ਘੱਟ ਗਿਣਤੀ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪਰ ਚੋਣ ਕਮਿਸ਼ਨ ਉਸ ’ਤੇ ਕੋਈ ਕਾਰਵਾਈ ਕਰਨ ਦੀ ਬਜਾਏ ਭਾਜਪਾ ਪ੍ਰਧਾਨ ਨੂੰ ਨੋਟਿਸ ਭੇਜ ਕੇ ਮਹਿਜ਼ ਕਾਗਜ਼ੀ ਕਾਰਵਾਈ ਹੀ ਕਰ ਰਿਹਾ ਹੈ। ਪਹਿਲੇ ਗੇੜ ਵਿੱਚ ਪਈਆਂ ਵੋਟਾਂ ਦੇ ਅੰਕੜੇ 11 ਦਿਨ ਬਾਅਦ ਜਾਰੀ ਕਰਨ ਅਤੇ ਸ਼ੁਰੂਆਤੀ ਅਤੇ ਆਖ਼ਰੀ ਅੰਕੜਿਆਂ ਵਿੱਚ ‘ਪੋਲ’ ਹੋਈਆਂ ਵੋਟਾਂ ਦਾ ਵੱਡਾ ਅੰਤਰ ਚੋਣ ਕਮਿਸ਼ਨ ਦੀ ਨਿਰਪੱਖਤਾ ਨੂੰ ਹੋਰ ਵੀ ਸ਼ੱਕ ਦੇ ਘੇਰੇ ਵਿੱਚ ਪਾ ਰਿਹਾ ਹੈ, ਜਿਸ ’ਤੇ ਬਹੁਤੇ ਇਨਸਾਫਪਸੰਦ ਲੋਕਾਂ ਨੂੰ ਪਹਿਲਾਂ ਹੀ ਕੋਈ ਯਕੀਨ ਨਹੀਂ। ਮੋਦੀ ਦੇ ਇਨ੍ਹਾਂ ਚੋਣ ਭਾਸ਼ਣਾਂ ਨੇ ਸਿਆਸਤ ਦਾ ਪੱਧਰ ਬੇਹੱਦ ਨੀਵਾਂ ਕਰ ਦਿੱਤਾ ਹੈ ਕਿ ਜੇ ਵਿਰੋਧੀ ਧਿਰ ਵਾਲੇ ਸੱਤਾ ਵਿੱਚ ਆ ਗਏ ਤਾਂ ਉਹ ਔਰਤਾਂ ਦਾ ਮੰਗਲ ਸੂਤਰ ਤੱਕ ਲੈ ਜਾਣਗੇ, ਜਦਕਿ ਹਕੀਕਤ ਇਹ ਹੈ ਕਿ ਮੋਦੀ ਰਾਜ ਵਿੱਚ ਔਰਤਾਂ ’ਤੇ ਜਬਰ-ਜ਼ੁਲਮ ਦੀ ਹੱਦ ਹੋ ਗਈ ਹੈ, ਜਿਸਦੀ ਲਿਸਟ ਬਹੁਤ ਲੰਮੀ ਹੈ।
ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਕਿ ਪੰਜਾਬ ਵਿਚ ਸੀ ਪੀ ਆਈ ਫਰੀਦਕੋਟ ਸਮੇਤ ਤਿੰਨ ਅਤੇ ਸੀ ਪੀ ਐੱਮ ਇੱਕ ਜਲੰਧਰ ਸੀਟ ਮਿਲ ਕੇ ਲੜ ਰਹੀਆਂ ਹਨ ਅਤੇ ਇਨਾਂ ਸੀਟਾਂ ਦੇ ਚੋਣ ਨਤੀਜੇ ਉਨ੍ਹਾਂ ਵਿਰੋਧੀਆਂ ਦੇ ਮੂੰਹ ਬੰਦ ਕਰ ਦੇਣਗੇ, ਜੋ ਕਮਿਊਨਿਸਟ ਪਾਰਟੀਆਂ ਦੀ ਤਾਕਤ ਨੂੰ ਘਟਾ ਕੇ ਵੇਖਣ ਦੀ ਮਰਜ਼ ਦਾ ਸ਼ਿਕਾਰ ਹਨ। ਉਨ੍ਹਾ ਸੀਮਿਤ ਸਾਧਨਾਂ ਦੇ ਬਾਵਜੂਦ ਪਾਰਟੀ ਦਾ ਹੁਕਮ ਮੰਨ ਕੇ ਚੋਣ ਮੈਦਾਨ ਵਿੱਚ ਨਿੱਤਰੇ ਮੁਲਾਜ਼ਮ ਅਤੇ ਪੈਨਸ਼ਨਰ ਆਗੂ ਮਾਸਟਰ ਗੁਰਚਰਨ ਸਿੰਘ ਮਾਨ ਦੀ ਤਾਰੀਫ ਕਰਦੇ ਹੋਏ ਹਲਕਾ ਫਰੀਦਕੋਟ ਦੇ ਸਮੂਹ ਵੋਟਰਾਂ ਨੂੰ ਤਨ, ਮਨ, ਧਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।
ਕਾਮਰੇਡ ਜਗਰੂਪ ਨੇ ਕਿਹਾ ਕਿ ਦੇਸ਼ ਅਤੇ ਸੂਬੇ ਵਿੱਚ ਆਈਆਂ ਸਭ ਸਰਕਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਫੇਲ੍ਹ ਸਾਬਿਤ ਹੋਈਆਂ ਹਨ, ਜਦਕਿ ਕਮਿਊਨਿਸਟ ਪਾਰਟੀ ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਕੌਮੀ ਰੁਜ਼ਗਾਰ ਐਕਟ ਬਣਾਉਣ ਦੀ ਮੰਗ ਲਈ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ।
ਮੀਟਿੰਗ ਨੂੰ ਕਿਸਾਨ ਆਗੂ ਸੂਰਤ ਸਿੰਘ ਧਰਮਕੋਟ, ਸੁਖਜਿੰਦਰ ਸਿੰਘ ਤੂੰਬੜਭੰਨ, ਖੇਤ ਮਜ਼ਦੂਰ ਆਗੂ ਗੁਰਨਾਮ ਸਿੰਘ, ਸਮਾਜ ਸੇਵੀ ਡਾ. ਇੰਦਰਵੀਰ ਗਿੱਲ, ਨਰੇਗਾ ਮਜ਼ਦੂਰ ਯੂਨੀਅਨ ਦੇ ਗੋਰਾ ਸਿੰਘ ਪਿਪਲੀ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਏਟਕ ਆਗੂ ਹਰਪਾਲ ਮਚਾਕੀ, ਇਸਤਰੀ ਆਗੂ ਸ਼ਸ਼ੀ ਸ਼ਰਮਾ, ਮਨਜੀਤ ਕੌਰ, ਕਰਮਵੀਰ ਕੌਰ ਬੱਧਨੀ ਨੇ ਸੰਬੋਧਨ ਕਰਦੇ ਹੋਏ ਪਾਰਟੀ ਦੇ ਝੰਡੇ ਅਤੇ ਨਿਸ਼ਾਨ ਨੂੰ ਬੁਲੰਦ ਰੱਖਣ ਅਤੇ ਜਿੱਤ ਦੇ ਇਰਾਦੇ ਨਾਲ ਸਾਰੇ ਪਾਰਟੀ ਵਰਕਰਾਂ ਅਤੇ ਮਿਹਨਤਕਸ਼ ਲੋਕਾਂ ਨੂੰ ਮੈਦਾਨ ਵਿੱਚ ਆਉਣ ਦੀ ਅਪੀਲ ਕੀਤੀ।
ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ, ਜਿਨ੍ਹਾ ਦਾ ਜੱਦੀ ਪਿੰਡ ਭਲੂਰ, ਜ਼ਿਲ੍ਹਾ ਮੋਗਾ ਹੈ, ਨੇ ਪਹਿਲਾਂ ਦੀ ਤਰ੍ਹਾਂ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਅਤੇ ਮਿਹਨਤਕਸ਼ ਜਮਾਤ ਦੀ ਸੇਵਾ ਕਰਦੇ ਰਹਿਣ ਦਾ ਸੰਕਲਪ ਕਰਦੇ ਹੋਏ ਸਭ ਦੇ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਬਿਜਲੀ ਨਿਗਮ ਦੇ ਪੈਨਸ਼ਨਰ ਆਗੂ ਇੰਦਰਜੀਤ ਸਿੰਘ ਗਿੱਲ, ਚਰਨਜੀਤ ਸਿੰਘ ਚੰਬੇਲੀ, ਬਜ਼ੁਰਗ ਆਗੂ ਸ਼ਾਮ ਸੁੰਦਰ, ਮਾਸਟਰ ਦਰਸ਼ਨ ਸਿੰਘ, ਸੁਖਦਰਸ਼ਨ ਰਾਮ ਸ਼ਰਮਾ, ਬਲਵੀਰ ਸਿੰਘ ਔਲਖ, ਜਗਸੀਰ ਖੋਸਾ, ਮੁਖਤਿਆਰ ਭਾਣਾ, ਰੇਸ਼ਮ ਸਿੰਘ ਵਾਂਦਰ ਜਟਾਣਾ, ਮਹਿੰਦਰ ਸਿੰਘ ਧੂਰਕੋਟ, ਗੁਰਦਿੱਤ ਸਿੰਘ ਦੀਨਾ, ਜਗਤਾਰ ਰਾਜੋਵਾਲਾ, ਸਵਰਾਜ ਸਿੰਘ ਢੁੱਡੀਕੇ, ਹਰਦਿਆਲ ਸਿੰਘ ਘਾਲੀ, ਰਾਮ ਸਰੂਪ ਚੰਦਭਾਨ, ਮੰਗਤ ਰਾਏ ਮੋਗਾ, ਨੀਲਾ ਸਿੰਘ ਰਲਾ, ਸਿਕੰਦਰ ਸਿੰਘ ਮਧੇ ਆਦਿ ਪਾਰਟੀ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਮੀਟਿੰਗ ਨੇ ਸਰਬਸੰਮਤੀ ਨਾਲ 9 ਮਈ (ਵੀਰਵਾਰ) ਨੂੰ ਮਾਸਟਰ ਗੁਰਚਰਨ ਸਿੰਘ ਮਾਨ ਦੇ ਨਾਮਜ਼ਦਗੀ ਕਾਗਜ਼ ਭਰਾਉਣ ਲਈ ਸ਼ਹੀਦ ਅਮੋਲਕ ਭਵਨ ਫਰੀਦਕੋਟ ਇਕੱਠੇ ਹੋਣ ਦਾ ਫੈਸਲਾ ਕੀਤਾ, ਜਿੱਥੋਂ ਕਾਫਲੇ ਦੀ ਸ਼ਕਲ ਵਿੱਚ ਮਿੰਨੀ ਸਕੱਤਰੇਤ ਫਰੀਦਕੋਟ ਵੱਲ ਤੁਰਿਆ ਜਾਵੇਗਾ।





